ਜੀਡੀਆਰ ਸਕੂਲ ’ਚ ਮਨਾਇਆ ਗਿਆ ਸ਼ਹੀਦੀ ਦਿਵਸ ਜੀ.ਡੀ.ਆਰ ਸਕੂਲ ਵਿਖੇ ਮਨਾਇਆ ਗਿਆ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ
Publish Date: Fri, 13 Nov 2026 06:47 PM (IST)
Updated Date: Fri, 13 Nov 2026 06:51 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਕਾਨਵੈਂਟ ਸੀਸੈ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਦੇਸ਼ ਦੇ ਸਰਤਾਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਸਕੂਲ ਦੇ ਜੈਸਮੀਨ ਹਾਊਸ ਦੇ ਇੰਚਾਰਜ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਗਾਇਤਰੀ ਮੰਤਰ ਤੇ ਗੁਰੂ ਮੰਤਰ ਉਪਰੰਤ ਦਿਨ ਦਾ ਵਿਚਾਰ ਛੇਵੀਂ ਜਮਾਤ ਦੀ ਵਿਦਿਆਰਥਣ ਇਸ਼ਮੀਤ ਕੌਰ ਨੇ ਪੇਸ਼ ਕੀਤਾ। ਦੱਸਵੀਂ ਜਮਾਤ ਦੀ ਵਿਦਿਆਰਥਣ ਜੰਨਤ ਐਂਜਲ ਵੱਲੋਂ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜਨਮ 24 ਮਈ 1896 ਈ. ਨੂੰ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਹੋਇਆ। ਸਿਰਫ਼ 19 ਸਾਲਾਂ ਦੀ ਉਮਰ ਵਿੱਚ 16 ਨਵੰਬਰ 1915 ਈ. ਨੂੰ ਇਹ ਵੀਰ ਸਪੂਤ ਹੱਸਦੇ-ਹੱਸਦੇ ਫਾਂਸੀ ’ਤੇ ਚੜ੍ਹ ਗਏ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਦੇਸ਼-ਭਗਤੀ ਨਾਲ ਭਰਪੂਰ ਸਮੂਹ ਗਾਨ ਪੇਸ਼ ਕੀਤਾ। ਇਸ ਮੌਕੇ ਉੱਪਰ ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੀ ਸੁਤੰਤਰਤਾ ਉਨ੍ਹਾਂ ਸ਼ਹੀਦਾਂ ਦੇ ਬਲਿਦਾਨ ਕਰਕੇ ਹੀ ਹੈ। ਭਾਰਤ ਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾ ਸਕਦਾ ਤੇ ਇਹ ਸਾਨੂੰ ਵੀ ਦੇਸ਼-ਕੌਮ ਦੀ ਰਾਖੀ ਦੀ ਪ੍ਰੇਰਨਾ ਦਿੰਦੇ ਹਨ। ਅੱਜ ਅਸੀਂ ਮਿਲ ਕੇ ਇਹ ਵਚਨ ਲੈਂਦੇ ਹਾਂ ਕਿ ਆਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਹਮੇਸ਼ਾ ਰੱਖਿਆ ਕਰਾਂਗੇ।