ਨਸ਼ਿਆਂ ਖ਼ਿਲਾਫ਼ ਜੰਗ ’ਚ ਮੈਰਾਥਨ ਨੇ ਦਿੱਤਾ ਸਾਰਥਕ ਸੁਨੇਹਾ : ਡਾ. ਗਗਨਦੀਪ ਸਿੰਘ ਨਸ਼ਿਆਂ ਖ਼ਿਲਾਫ਼ ਜੰਗ ’ਚ ਮੈਰਾਥਨ ਨੇ ਦਿੱਤਾ ਸੁਨੇਹਾ : ਡਾ ਗਗਨਦੀਪ ਸਿੰਘ
Publish Date: Tue, 25 Aug 2026 07:32 PM (IST)
Updated Date: Tue, 25 Aug 2026 07:33 PM (IST)
ਮਨੀਸ਼ ਸਿਸੋਦੀਆ ਤੇ ਰਾਜਵੀਰ ਘੁੰਮਣ ਦਾ ਕੀਤਾ ਸਨਮਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਕੇ ਖੇਡਾਂ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਜਲੰਧਰ ਵਿਖੇ ਕਰਵਾਈ ਗਈ ਮੈਰਾਥਨ ਦੌੜ ਵਿੱਚ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਨੇ ਆਪਣੇ ਸਮੂਹ ਮੈਂਬਰਾਂ ਸਮੇਤ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਯੁਵਾ ਆਮ ਆਦਮੀ ਪਾਰਟੀ ਦੇ ਆਗੂ ਬੀਰ ਦਵਿੰਦਰ ਸਿੰਘ ਵੱਲੋਂ ਆਯੋਜਿਤ ਇਸ ਮੈਰਾਥਨ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਮਜ਼ਬੂਤ ਸੁਨੇਹਾ ਦਿੱਤਾ। ਇਸ ਮੌਕੇ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਵਿਅਕਤੀ, ਸੰਸਥਾ ਜਾਂ ਸਰਕਾਰ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਤੇ ਅਜਿਹੀਆਂ ਸਿਹਤਮੰਦ ਗਤੀਵਿਧੀਆਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਕਿਹਾ ਕਿ “ਨਸ਼ਾ ਛੱਡੋ, ਖੇਡਾਂ ਨਾਲ ਜੁੜੋ ਤੇ ਸਿਹਤਮੰਦ ਜੀਵਨ ਜੀਓ” ਦਾ ਸੰਦੇਸ਼ ਹਰ ਨੌਜਵਾਨ ਤੱਕ ਪਹੁੰਚਾਉਣ ਦੀ ਲੋੜ ਹੈ। ਜਦੋਂ ਨੌਜਵਾਨ ਖੇਡ ਮੈਦਾਨ ਨਾਲ ਜੁੜਦੇ ਹਨ ਤਾਂ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਜ਼ਿੰਦਗੀ ਪ੍ਰਤੀ ਹਾਂ-ਪੱਖੀ ਸੋਚ ਪੈਦਾ ਹੁੰਦੀ ਹੈ। ਇਹੀ ਸੋਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਮੈਰਾਥਨ ਦੌਰਾਨ ਐਂਟੀ ਡਰੱਗ ਕਲੱਬ ਦੇ ਮੈਂਬਰਾਂ ਵੱਲੋਂ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਤੇ ਰਾਜਵੀਰ ਘੁੰਮਣ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਮੈਰਾਥਨ ਦੇ ਪ੍ਰਬੰਧਕ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਦੌੜ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨਾ ਤੇ ਨਸ਼ਿਆਂ ਵਿਰੁੱਧ ਸਮਾਜਿਕ ਚੇਤਨਾ ਪੈਦਾ ਕਰਨਾ ਹੈ। ਉਨ੍ਹਾਂ ਡਾ. ਗਗਨਦੀਪ ਸਿੰਘ ਤੇ ਐਂਟੀ ਡਰੱਗ ਕਲੱਬ ਦੀ ਸਮੁੱਚੀ ਟੀਮ ਦਾ ਮੈਰਾਥਨ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।