- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਸੰਮਤੀ ਦੀ ਚੋਣ ਵਿੱਚ ਚੇਅਰਮੈਨ ਮਨਵੀਰ ਕੌਰ ਤੇ ਵਾਈਸ ਚੇਅਰਮੈਨ ਦਲਜੀਤ ਕੌਰ ਬਣੇ

--ਸਖਤ ਸੁਰੱਖਿਆ ਹੇਠ ਸੰਪੰਨ ਹੋਈ ਚੋਣ ਪ੍ਰਕਿਰਿਆ
ਕੁਲਵਿੰਦਰ ਸਿੰਘ ਲਾਡੀ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਫੱਤੂਢੀਂਗਾ/ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਸੰਮਤੀ ਜ਼ੋਨ ਫੱਤੂਢੀਂਗਾ ਵਿਚ ਪਿਛਲੇ ਦਿਨਾਂ ਤੋਂ ਚੱਲ ਰਹੇ ਤਿੱਖੇ ਸਿਆਸੀ ਘਮਸਾਨ ਦਾ ਅੱਜ ਅੰਤ ਹੋ ਗਿਆ। ਆਖਿਰਕਾਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਨੇ ਵੱਡੀ ਜਿੱਤ ਦਰਜ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਦਿਆਂ ਸਿਆਸੀ ਮੈਦਾਨ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਢਿੱਲਵਾਂ ਵਿਖੇ ਜ਼ੋਨ ਫੱਤੂਢੀਂਗਾ ਦੇ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੌਕੇ ਆਮ ਆਦਮੀ ਪਾਰਟੀ ਤੇ ਅਜ਼ਾਦ ਵਿਧਾਇਕ ਰਾਣਾ ਧੜੇ ਦੇ ਸਮਰਥਕਾਂ ਦੀ ਆਪਸ ਵਿਚ ਕਾਫੀ ਖਿੱਚ ਧੂਹ ਹੋਈ, ਜਿਸ ਵਿਚ ਕਈ ਸਮਰਥਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਸਨ ਤੇ ਉੱਥੇ ਗੋਲੀਬਾਰੀ ਦੀ ਵੀ ਘਟਨਾ ਵਾਪਰੀ ਸੀ। ਇਸ ਨੂੰ ਲੈ ਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ ਮਾਨਯੋਗ ਹਾਈਕੋਰਟ ਨੂੰ ਸਿੱਧਾ ਪ੍ਰਸਾਰਨ ਵਿਖਾ ਕੇ ਆਪ ਸਰਕਾਰ ਦੀ ਧੱਕੇਸ਼ਾਹੀ ਵਿਖਾਈ ਸੀ, ਜਿਸ ਤੇ ਹਾਈਕੋਰਟ ਵੱਲੋਂ ਸਖਤ ਐਕਸ਼ਨ ਲੈ ਕੇ ਉਸ ਸਮੇਂ ਚੋਣ ਨੂੰ ਮੁਲਤਵੀ ਕਰਕੇ 4 ਅਪ੍ਰੈਲ ਨੂੰ ਚੋਣ ਮੁਕਰਰ ਕਰਕੇ ਇਸ ਨੂੰ ਡੀਸੀ ਦਫਤਰ ਵਿਖੇ ਹਾਈਕੋਰਟ ਦੇ ਅਬਜ਼ਰਵਰ ਦੀ ਦੇਖਰੇਖ ਹੇਠ ਅਮਨ ਤੇ ਸ਼ਾਂਤੀ ਨਾਲ ਕਰਵਾਉਣ ਦੇ ਸਖਤ ਹੁਕਮ ਦਿੱਤੇ ਸਨ।
--ਡੀਸੀ ਦਫਤਰ ਵਿਖੇ ਪੁਲਿਸ ਨੇ ਕੀਤੇ ਸਖਤ ਪ੍ਰਬੰਧ-
ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਅੱਜ ਐੱਸਐੱਸਪੀ ਗੌਰਵ ਤੂਰਾ ਦੇ ਹੁਕਮ ’ਤੇ ਚੱਪੇ-ਚੱਪੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਸਾਰੇ ਮਾਮਲੇ ’ਤੇ ਐੱਸਪੀ (ਡੀ) ਹਰਿੰਦਰ ਸਿੰਘ ਗਿੱਲ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੇ ਸਨ।
--ਮਨਵੀਰ ਕੌਰ ਚੇਅਰਪਰਸਨ ਤੇ ਦਲਜੀਤ ਕੌਰ ਵਾਈਸ ਚੇਅਰਪਸਨ ਚੁਣੇ-
ਡੀਸੀ ਦਫਤਰ ਵਿਖੇ ਹੋਈ ਚੋਣ ਵਿਚ ਬਲਾਕ ਸੰਮਤੀ ਦੀ ਮਨਵੀਰ ਕੌਰ ਨੇ 7 ਦੇ ਮੁਕਾਬਲੇ 9 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਚੇਅਰਮੈਨ ਦੀ ਚੋਣ ਜਿੱਤ ਲਈ ਜਦਕਿ ਉਪ ਚੇਅਰਮੈਨ ਦੀ ਚੋਣ ਕਿਸੇ ਗਲਤੀ ਕਾਰਨ ਡਰਾਅ ਹੋਈ, ਜਿਸ ਵਿਚ ਅਜ਼ਾਦ ਧੜੇ ਦੀ ਦਲਜੀਤ ਕੌਰ ਵਾਈਸ ਚੇਅਰਮੈਨ ਚੁਣੇ ਗਏ। ਇਸ ਜਿੱਤ ਨਾਲ ਇਲਾਕੇ ਦੀ ਸਿਆਸਤ ਵਿਚ ਇਕ ਨਵਾਂ ਮੋੜ ਆਇਆ ਹੈ ਤੇ ਆਉਣ ਵਾਲੇ ਸਮੇਂ ਲਈ ਨਵੇਂ ਰਾਜਨੀਤਿਕ ਸਮੀਕਰਨ ਬਣਨ ਦੇ ਸੰਕੇਤ ਮਿਲ ਰਹੇ ਹਨ।
--ਰਾਣਾ ਇੰਦਰਪ੍ਰਤਾਪ ਸਿੰਘ ਦਾ ਸਿਆਸੀ ਕੱਦ ਹੋਇਆ ਹੋਰ ਉੱਚਾ-
ਬਲਾਕ ਸੰਮਤੀ ਦੀ ਜਿੱਤ ਨਾਲ ਰਾਣਾ ਇੰਦਰਪ੍ਰਤਾਪ ਸਿੰਘ ਦਾ ਆਜ਼ਾਦ ਵਿਧਾਇਕ ਹੋਣ ਦੇ ਬਾਵਜੂਦ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ, ਜਿਸ ਨਾਲ ਹਲਕੇ ਦੀ ਰਾਜਨੀਤੀ ਵਿਚ ਭਵਿੱਖ ਦੇ ਨਵੇਂ ਰੁਝਾਨਾਂ ਦੀ ਭੂਮਿਕਾ ਵੀ ਤੈਅ ਹੋ ਸਕਦੀ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜਿੱਤ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਹਿਲਾਂ ਮੈਨੂੰ ਅਜ਼ਾਦ ਵਿਧਾਇਕ ਦੇ ਤੌਰ ’ਤੇ ਜਿਤਾਇਆ ਤੇ ਹੁਣ ਫਿਰ ਹਲਕਾ ਸੁਲਤਾਨਪੁਰ ਲੋਧੀ ਵਿਚ ਜ਼ੋਨ ਨੰਬਰ 1 ਫੱਤੂਢੀਂਗਾ ਜ਼ੋਨ ਵਿਚ ਮੇਰੇ ਸਮਰਥਕ ਆਜ਼ਾਦ ਉਮੀਦਵਾਰਾਂ ਨੂੰ ਜਿਤਾਇਆ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਜ਼ੋਨ ਦੀ ਚੋਣ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਨੇ ਪੁਲਿਸ ਪ੍ਰਸ਼ਾਸਨ ਦੇ ਕਥਿਤ ਤੌਰ ’ਤੇ ਸਰਕਾਰ ਦਾ ਰੋਹਬ ਵਿਖਾ ਕੇ ਚੋਣ ਜਿੱਤ ਲਈ ਸੀ ਤੇ ਹੁਣ ਫੱਤੂਢੀਂਗਾ ਜ਼ੋਨ ਦੀ ਚੋਣ ਸਮੇਂ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ। ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਾਰਿਆਂ ਨੇ ਮਿਲ ਕੇ ਇਕੋ ਹੀ ਮਿਥਿਆ ਸੀ ਕਿ ਸਾਡੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਣ ਦੇਣੀ ਪ੍ਰੰਤੂ ਅਸੀਂ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪਹਿਲਾਂ ਚੋਣ ਮੁਲਤਵੀ ਕਰਕੇ ਅਬਜ਼ਰਵਰ ਤਾਇਨਾਤ ਕੀਤਾ ਤੇ ਅੱਜ ਹੋਈ ਚੋਣ ਵਿਚ ਮੇਰੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਧੱਕੇਸ਼ਾਹੀ ਵੀ ਕੀਤੀ ਤੇ ਗੋਲੀਆਂ ਵੀ ਚਲਾਈਆਂ ਪਰ ਹਾਈਕੋਰਟ ਨੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਰਾਣਾ ਹਮੇਸ਼ਾਂ ਆਪਣੇ ਬੰਦਿਆਂ ਨਾਲ ਖੜ੍ਹਾ ਸੀ ਤੇ ਖੜ੍ਹਾ ਰਹੇਗਾ। ਇਸ ਮੌਕੇ ਜਿੱਤੇ ਹੋਏ ਚੇਅਰਮੈਨ ਮਨਵੀਰ ਕੌਰ, ਉਪ ਚੇਅਰਮੈਨ ਦਲਜੀਤ ਕੌਰ, ਮੇਹਰ ਸਿੰਘ ਵਿਰਕ ਨੰਬਰਦਾਰ, ਸੰਮਤੀ ਮੈਂਬਰ ਦਲਜੀਤ ਕੌਰ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੱਲ ਸਿੰਘ, ਵਿਜੇ ਕੁਮਾਰ, ਮਨਵੀਰ ਕੌਰ, ਕਿਰਨਦੀਪ ਕੌਰ, (ਸਾਰੇ ਮੈਂਬਰ) ਜਗਜੀਤ ਸਿੰਘ ਚੰਦੀ, ਦੀਪਕ ਧੀਰ ਪ੍ਰਧਾਨ ਨਗਰ ਕੌਂਸਲ, ਰਜਿੰਦਰ ਸਿੰਘ ਤਕੀਆ, ਅਮਰਜੀਤ ਸਿੰਘ ਖਿੰਡਾ, ਬਲਜਿੰਦਰ ਸਿੰਘ ਖਿੰਡਾ, ਜੋਗਾ ਸਿੰਘ ਨੰਬਰਦਾਰ, ਤੇਜਵੰਤ ਸਿੰਘ, ਅਸ਼ੋਕ ਮੋਗਲਾ, ਨਵਨੀਤ ਸਿੰਘ ਚੀਮਾ, ਜੁਗਲ ਕਿਸ਼ੋਰ ਕੋਹਲੀ, ਨਵਦੀਪ ਨੰਢਾ, ਗੁਰਦੌਰ ਸਿੰਘ ਆਹਲੀ, ਗੁਰਬੀਰ ਸਿੰਘ ਢਿੱਲੋਂ, ਵਰਿਆਮ ਸਿੰਘ ਨੰਬਰਦਾਰ, ਪ੍ਰਿਤਪਾਲ ਸਿੰਘ ਪਾਲੀ, ਬੱਬੂ ਖੈੜਾ, ਮੰਗਲ ਭੱਟੀ ਨੰਬਰਦਾਰ, ਗੋਲਡੀ ਧੰਜੂ, ਭਿੰਦਾ ਹੋਠੀ, ਰਾਜੂ ਉੱਪਲ, ਜਸਵੰਤ ਸਿੰਘ ਸ਼ਤਾਬਗੜ, ਹਰਬੀਰ ਸਿੰਘ ਸ਼ਤਾਬਗੜ੍ਹ ਆਦਿ ਵੀ ਹਾਜ਼ਰ ਸਨ।