ਮਾਨ ਨੇ ਲੋਕਾਂ ਨੂੰ ਜੋ ਸਬਜ਼ਬਾਗ ਵਿਖਾਏ ਉਹ ਪੂਰੇ ਨਹੀਂ ਕੀਤੇ : ਕਾਮਰੇਡ ਬਲਦੇਵ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਨ ਨੇ ਲੋਕਾਂ ਨੂੰ ਜੋ ਸਬਜਬਾਗ ਵਿਖਾਏ ਉਹ ਪੂਰੇ ਨਹੀਂ ਕੀਤੇ : ਕਾਮਰੇਡ ਬਲਦੇਵ
Publish Date: Mon, 21 Sep 2026 07:17 PM (IST)
Updated Date: Mon, 21 Sep 2026 07:17 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ, ਨਿਰਮਲ ਸਿੰਘ ਨਸੀਰਪੁਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫਤਰ ਨੇੜੇ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਆਗੂ ਕਾਮਰੇਡ ਬਲਦੇਵ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਾਉਣ ਸਮੇਂ ਸ਼ਹੀਦ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕ ਸਮਾਗਮ ਕੀਤਾ ਸੀ ਤੇ ਲੋਕਾਂ ਨੂੰ ਬਹੁਤ ਸਬਜ਼ਬਾਗ ਦਿਖਾਏ ਸਨ ਤੇ ਕਿਹਾ ਸੀ ਕਿ ਪੰਜਾਬ ਵਿੱਚ ਕਿਸੇ ਵੀ ਮੁਲਾਜ਼ਮ, ਮਜ਼ਦੂਰ ਕਿਸਾਨਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ, ਕਿਸੇ ਦੀ ਪੱਗ ਨਹੀਂ ਲੱਥੇਗੀ, ਕਿਸੇ ਧੀ-ਭੈਣ ਦੀ ਚੁੰਨੀ ਨਹੀਂ ਲੱਥੇਗੀ, ਸਭ ਦੇ ਮਸਲੇ ਗੱਲਬਾਤ ਰਾਹੀਂ ਹੱਲ ਹੋਣਗੇ। ਉਨ੍ਹਾਂ ਕਿਹਾ ਕਿ 70 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਲੋਕਾਂ ਉੱਪਰ ਇਨਾ ਤਸ਼ੱਦਦ ਨਹੀਂ ਕੀਤਾ, ਜਿੰਨਾ ਸਾਢੇ ਚਾਰ ਸਾਲਾਂ ਵਿੱਚ ਭਗਵੰਤ ਮਾਨ ਸਰਕਾਰ ਨੇ ਕੀਤਾ। ਮਜ਼ਦੂਰ ਬੀਬੀਆਂ ਦੀ ਕੁੱਟਮਾਰ, ਚੁੰਨੀਆਂ ਰੋਲੀਆਂ, ਨਰੇਗਾ ਮੁਲਾਜ਼ਮ ਉੱਪਰ ਤਸ਼ੱਦਦ ਹੋਇਆ, ਮੁਲਾਜ਼ਮ ਕਿਸਾਨਾਂ ਉੱਪਰ ਲਾਠੀਚਾਰਜ ਕੀਤੇ ਗਏ। ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 6 ਲੱਖ ਬੱਚੇ ਘਟ ਗਏ ਹਨ ਜੇਕਰ ਸਰਕਾਰੀ ਸਕੂਲ ਵਧੀਆ ਬਣਾ ਦਿੱਤੇ ਹਨ ਤਾਂ ਸਾਨੂੰ ਇਹ ਵੀ ਦੱਸੋ ਅੱਜ ਕਿੰਨੇ ਵਿਧਾਇਕਾਂ ਦੇ ਬੱਚੇ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਕਿੰਨੇ ਵਿਧਾਇਕਾਂ ਨੇ ਕਿਹੜੀਆਂ ਬਿਮਾਰੀਆਂ ਦਾ ਇਲਾਜ ਮੁਹੱਲਾ ਕਲੀਨਿਕਾਂ ਵਿੱਚੋਂ ਕਰਵਾਇਆ। ਕਾਮਰੇਡ ਬਲਦੇਵ ਸਿੰਘ ਨੇ ਸਾਰੇ ਕਿਰਤੀਆਂ ਨੂੰ ਕਿਹਾ ਕਿ ਇਨ੍ਹਾਂ ਦੇ ਪਿੰਡ ਵਿੱਚ ਆਉਣ ’ਤੇ ਪੁੱਛਿਆ ਜਾਵੇ ਕਿ ਬੀਬੀਆਂ ਦੀ ਟੂੰ ਟੂੰ ਕਿਹੜੇ ਪੈਸਿਆਂ ਨਾਲ ਕਰਵਾਈ। ਜਿਨ੍ਹਾਂ ਕਿਰਤੀਆਂ ਨੇ ਸੰਘਰਸ਼ ਕਰਕੇ ਤੇ ਕੋਰਟਾਂ ਵਿੱਚ ਕੇਸ ਕਰਕੇ ਕੁਝ ਸਕੀਮਾਂ ਲਾਗੂ ਕਰਵਾਈਆਂ ਸੀ, ਉਨ੍ਹਾਂ ਦੀ ਸ਼ਗਨ ਸਕੀਮ, ਬੱਚਿਆਂ ਦਾ ਵਜ਼ੀਫਾ ਆਦਿ 4-5 ਸਾਲਾਂ ਤੋਂ ਨਹੀਂ ਮਿਲ ਰਿਹਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਤੇ ਅਮਰੀਕ ਸਿੰਘ ਮਸੀਤਾਂ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਸੰਘਰਸ਼ ਤੇ ਕੁਰਬਾਨੀਆਂ ਕਰਕੇ ਬਣਵਾਏ 44 ਕਾਨੂੰਨਾਂ ਵਿੱਚੋਂ 29 ਕਾਨੂੰਨ ਤੋੜ ਕੇ ਚਾਰ ਕੋਡਾਂ ਵਿੱਚ ਬਦਲ ਦਿੱਤੇ, ਜਿਸ ਨਾਲ ਸਰਮਾਏਦਾਰ ਹੁਣ ਮਜ਼ਦੂਰਾਂ ਨੂੰ ਲੁੱਟਣਗੇ। ਕੰਮ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ। ਮਜ਼ਦੂਰ ਯੂਨੀਅਨ ਨਹੀਂ ਬਣਾ ਸਕਣਗੇ, ਹੜਤਾਲ ਨਹੀਂ ਕਰ ਸਕਣਗੇ, ਲੇਬਰ ਕੋਰਟਾਂ ਵਿੱਚ ਸ਼ਿਕਾਇਤ ਨਹੀਂ ਕਰ ਸਕਣਗੇ। ਨਰੇਗਾ ਸਕੀਮ ਬਦਲ ਦਿੱਤੀ ਜਿਸ ਵਿੱਚ ਪਿੰਡ ਦਾ ਸਰਪੰਚ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਵਾ ਸਕੇਗਾ। ਮਨਰੇਗਾ ਦੀ ਦਿਹਾੜੀ ਜੋ ਪਹਿਲੇ ਸੈਂਟਰ ਸਰਕਾਰ 90 ਰੁਪਏ ਤੇ ਸੂਬਾ ਸਰਕਾਰ 10 ਰੁਪਏ ਦਿੰਦੀ ਸੀ ਹੁਣ ਸੈਂਟਰ ਸਰਕਾਰ 60 ਰੁਪਏ ਤੇ ਸੂਬਾ ਸਰਕਾਰ 40 ਰੁਪਏ ਦੇ ਹਿਸਾਬ ਨਾਲ ਕਰ ਦਿੱਤੀ ਹੈ। ਸੂਬੇ ਦੀ ਸਰਕਾਰ ਕੋਲ ਤਾਂ ਪਹਿਲਾਂ ਹੀ ਪੈਸੇ ਨਹੀਂ ਹਨ, ਇਹ 10 ਦੀ ਥਾਂ 40 ਰੁਪਏ ਕਿਵੇਂ ਦੇਣਗੇ। ਇਸ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਇੱਕ ਨਰੇਗਾ ਸਕੀਮ ਪਹਿਲੇ ਦੀ ਤਰ੍ਹਾਂ ਚਾਲੂ ਕੀਤੀ ਜਾਵੇ ਤੇ ਉਸਾਰੀ ਕਿਰਤੀਆਂ ਦਾ ਜੋ ਪੈਸਾ ਸਾਡੇ ਹੀ ਠੇਕੇਦਾਰਾਂ ਨੇ ਸਰਕਾਰ ਨੂੰ ਸੈਸ ਦਿੱਤਾ ਹੈ ਉਹ ਕਿਰਤੀਆਂ ਵਿੱਚ ਹੀ ਵੰਡਿਆ ਜਾਵੇ ਤੇ ਚਾਰ ਪੰਜ ਸਾਲਾਂ ਤੋਂ ਰੁਕੀਆਂ ਵਜ਼ੀਫਾ ਸਕੀਮਾਂ, ਪੈਨਸ਼ਨ ਤੇ ਸ਼ਗਨ ਸਕੀਮਾਂ ਕਿਰਤੀਆਂ ਨੂੰ ਹੀ ਦਿੱਤੀਆਂ ਜਾਣ। ਇਸ ਮੀਟਿੰਗ ਵਿੱਚ ਕੁਲਦੀਪ ਸਿੰਘ, ਕਰਨੈਲ ਸਿੰਘ, ਪ੍ਰਗਟ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਬਾਬਾ ਨਿਰਮਲ ਸਿੰਘ, ਰਣਜੀਤ ਸਿੰਘ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।