ਭੁਲੱਥ ’ਚ ਦੋ ਨਕਾਬਪੋਸ਼ ਲੁਟੇਰਿਆਂ ਡੇਢ ਲੱਖ ਲੁੱਟੇ ਭੁਲੱਥ ’ਚ ਘਰ ਅੰਦਰ ਦਾਖਲ ਹੋ ਕੇ ਲੁੱਟ ਦੀ ਵੱਡੀ ਵਾਰਦਾਤ
Publish Date: Mon, 09 Nov 2026 08:48 PM (IST)
Updated Date: Mon, 09 Nov 2026 08:50 PM (IST)
ਲੜਕੀ ਨੂੰ ਬੰਨ੍ਹ ਕੇ ਕੀਤੀ ਕੁੱਟਮਾਰ; ਸੋਨੇ ਦੀ ਮੁੰਦਰੀ ਵੀ ਲਾਹੀ ਗ੍ਰੰਥੀ ਸਿੰਘ ’ਤੇ ਦਾਤ ਨਾਲ ਹਮਲਾ ਕਰਕੇ ਹੋਏ ਫਰਾਰ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਬ-ਡਿਵੀਜ਼ਨ ਕਸਬਾ ਭੁਲੱਥ ਵਿੱਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਦੀਵਾਲੀ ਦੀ ਰਾਤ ਭੁਲੱਥ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਨਕਾਬਪੋਸ਼ ਲੁਟੇਰਿਆਂ ਨੇ ਘਰ ਅੰਦਰ ਦਾਖਲ ਹੋ ਕੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਸੋਨੇ ਦੀ ਮੁੰਦਰੀ ਲੁੱਟ ਲਈ। ਵਾਰਦਾਤ ਦੌਰਾਨ ਘਰ ਵਿੱਚ ਮੌਜੂਦ ਲੜਕੀ ਨੂੰ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਦੱਸੀ ਗਈ, ਜਦਕਿ ਘਰ ਵਾਪਸ ਆਏ ਗ੍ਰੰਥੀ ਸਿੰਘ ’ਤੇ ਵੀ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਗ੍ਰੰਥੀ ਸਿੰਘ ਸੁਖਵਿੰਦਰ ਸਿੰਘ ਪੁੱਤਰ ਜੋਧ ਸਿੰਘ ਨੇ ਦੱਸਿਆ ਕਿ ਉਹ ਦੀਵਾਲੀ ਦੀ ਸਵੇਰ ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਨਿਭਾਉਣ ਲਈ ਗਿਆ ਹੋਇਆ ਸੀ। ਘਰ ਵਿੱਚ ਉਸਦੀ ਲੜਕੀ ਮੌਜੂਦ ਹੋਣ ਕਾਰਨ ਉਹ ਮੇਨ ਦਰਵਾਜ਼ੇ ਨੂੰ ਤਾਲਾ ਲਗਾ ਕੇ ਗਿਆ ਸੀ ਤੇ ਉਸਦੀ ਲੜਕੀ ਅੰਦਰ ਸੁੱਤੀ ਹੋਈ ਸੀ। ਉਸਨੇ ਦੱਸਿਆ ਕਿ ਜਦੋਂ ਉਹ ਕਰੀਬ ਸਵੇਰੇ 3 ਵਜੇ ਘਰ ਵਾਪਸ ਆਇਆ ਤਾਂ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿਲਰਿਆ ਪਿਆ ਸੀ ਤੇ ਉਸਦੀ ਲੜਕੀ ਨੂੰ ਦੋ ਨਕਾਬਪੋਸ਼ ਵਿਅਕਤੀਆਂ ਨੇ ਬੰਨ੍ਹਿਆ ਹੋਇਆ ਸੀ। ਜਦੋਂ ਗ੍ਰੰਥੀ ਸਿੰਘ ਨੇ ਲੁਟੇਰਿਆਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਦੇ ਸਿਰ ’ਤੇ ਦਾਤ ਨਾਲ ਵਾਰ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਵਿੱਚ ਗ੍ਰੰਥੀ ਸਿੰਘ ਜ਼ਖ਼ਮੀ ਹੋ ਕੇ ਉੱਥੇ ਹੀ ਡਿੱਗ ਪਿਆ। ਰੌਲਾ ਪੈਣ ’ਤੇ ਮੁਹੱਲਾ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਤੇ ਜ਼ਖ਼ਮੀ ਗ੍ਰੰਥੀ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਗ੍ਰੰਥੀ ਸਿੰਘ ਦੀ ਲੜਕੀ ਨੇ ਦੱਸਿਆ ਕਿ ਉਹ ਘਰ ਵਿੱਚ ਸੁੱਤੀ ਹੋਈ ਸੀ ਕਿ ਦੋ ਵਿਅਕਤੀ ਉਸਦੇ ਕੋਲ ਆਏ ਤੇ ਉਸਦਾ ਮੂੰਹ ਹੱਥ ਨਾਲ ਘੁੱਟ ਦਿੱਤਾ। ਲੁਟੇਰਿਆਂ ਨੇ ਉਸ ਕੋਲੋਂ ਘਰ ਵਿੱਚ ਪਏ ਸੋਨੇ, ਚਾਂਦੀ ਤੇ ਨਕਦੀ ਬਾਰੇ ਪੁੱਛਿਆ, ਜਵਾਬ ਨਾ ਦੇਣ ’ਤੇ ਦੋਵਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਉਸਦੇ ਹੱਥ ਬੰਨ੍ਹ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਫੋਲਾ-ਫਰਾਲੀ ਕਰਦਿਆਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਉਸਦੇ ਹੱਥ ਵਿੱਚ ਪਾਈ ਸੋਨੇ ਦੀ ਮੁੰਦਰੀ ਲੁੱਟ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੁਲੱਥ ਦੇ ਐੱਸਐੱਚਓ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਮੁਹੱਲਾ ਸਮੇਤ ਸ਼ਹਿਰ ਵਾਸੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਲਾਕੇ ਵਿੱਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ।