ਨਾਜਾਇਜ਼ ਰੇਹੜੀਆਂ ਕੋਲ ਆਟੋ ਨਾਲ ਟਕਰਾਈ ਕਾਰ
ਫਗਵਾੜਾ ਹਾਈਵੇਅ 'ਤੇ ਟਲਿਆ ਵੱਡਾ ਹਾਦਸਾ: ਨਾਜਾਇਜ਼ ਰੇਹੜੀਆਂ ਕੋਲ ਹੌਲੀ ਹੋਏ ਆਟੋ ਨਾਲ ਟਕਰਾਈ ਲਗਜ਼ਰੀ ਕਾਰ
Publish Date: Fri, 20 Nov 2026 06:39 PM (IST)
Updated Date: Fri, 20 Nov 2026 06:43 PM (IST)
ਫਗਵਾੜਾ ਹਾਈਵੇਅ ਤੇ ਟਲਿਆ ਵੱਡਾ ਹਾਦਸਾ ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਲੁਧਿਆਣਾ-ਜਲੰਧਰ ਰਾਜ ਮਾਰਗ ਤੇ ਸੜਕ ਕਿਨਾਰੇ ਲੱਗੀਆਂ ਨਾਜਾਇਜ਼ ਖਾਣ-ਪੀਣ ਦੀਆਂ ਰੇਹੜੀਆਂ ਤੇ ਸਟਾਲ ਇੱਕ ਵਾਰ ਫਿਰ ਵੱਡੇ ਸੜਕ ਹਾਦਸੇ ਦਾ ਕਾਰਨ ਬਣਦੇ-ਬਣਦੇ ਬਚੇ। ਸੜਕ ਕਿਨਾਰੇ ਲੱਗੀਆਂ ਇਨ੍ਹਾਂ ਰੇਹੜੀਆਂ ਵੱਲ ਧਿਆਨ ਜਾਣ ਕਾਰਨ ਅੱਗੇ ਜਾ ਰਹੇ ਇੱਕ ਆਟੋ ਦੀ ਰਫ਼ਤਾਰ ਅਚਾਨਕ ਹੌਲੀ ਹੋ ਗਈ, ਜਿਸ ਕਾਰਨ ਪਿੱਛੋਂ ਆ ਰਹੀ ਇੱਕ ਚਿੱਟੇ ਰੰਗ ਦੀ ਲਗਜ਼ਰੀ ਕਾਰ (ਔਡੀ) ਉਸ ਨਾਲ ਜਾ ਟਕਰਾਈ। ਗਨੀਮਤ ਇਹ ਰਹੀ ਕਿ ਇਸ ਟੱਕਰ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਦੋਵੇਂ ਧਿਰਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ, ਹਾਲਾਂਕਿ ਕਾਰ ਦੇ ਅਗਲੇ ਹਿੱਸੇ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈਵੇਅ ਤੇ ਆਵਾਜਾਈ ਆਮ ਵਾਂਗ ਚੱਲ ਰਹੀ ਸੀ। ਇਸੇ ਦੌਰਾਨ ਹੇਅਰ ਪੈਲੇਸ ਦੇ ਸਾਹਮਣੇ ਸੜਕ ਕਿਨਾਰੇ ਨਾਜਾਇਜ਼ ਤੌਰ ਤੇ ਲੱਗੀਆਂ ਖਾਣ-ਪੀਣ ਦੀਆਂ ਰੇਹੜੀਆਂ ਵੱਲ ਦੇਖਣ ਦੇ ਚੱਕਰ ਵਿੱਚ ਅੱਗੇ ਜਾ ਰਹੇ ਆਟੋ ਚਾਲਕ ਦਾ ਧਿਆਨ ਭਟਕਿਆ ਤੇ ਉਸ ਨੇ ਗੱਡੀ ਹੌਲੀ ਕਰ ਲਈ। ਪਿੱਛੋਂ ਆ ਰਹੀ ਲਗਜ਼ਰੀ ਕਾਰ ਦੇ ਚਾਲਕ ਨੂੰ ਸੰਭਲਣ ਦਾ ਪੂਰਾ ਮੌਕਾ ਨਹੀਂ ਮਿਲਿਆ ਤੇ ਕਾਰ ਆਟੋ ਦੇ ਪਿਛਲੇ ਹਿੱਸੇ ਨਾਲ ਜਾ ਭਿੜੀ।