ਜੀਡੀਆਰ ਡੇ ਬੋਰਡਿੰਗ ’ਚ ਮਨਾਈ ਮਹਾਰਿਸ਼ੀ ਵਾਲਮੀਕਿ ਜੈਅੰਤੀ ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਵਿੱਚ ਧੂਮਧਾਮ ਨਾਲ ਮਨਾਈ ਗਈ ਮਹਾਰਿਸ਼ੀ ਵਾਲਮੀਕਿ ਜੈਅੰਤੀ
Publish Date: Sat, 24 Oct 2026 06:19 PM (IST)
Updated Date: Sat, 24 Oct 2026 06:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਪਵਿੱਤਰ ਮੌਕੇ ’ਤੇ ਵਿਸ਼ੇਸ਼ ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਸਫਲ ਸੰਚਾਲਨ ਸਕੂਲ ਦੇ ਡੈਫੋਡਿਲ ਹਾਊਸ ਦੀ ਇੰਚਾਰਜ ਬਬਿਤਾ ਸੈਣੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮਹਾਰਿਸ਼ੀ ਵਾਲਮੀਕਿ ਜੀ ਦੇ ਚਿੱਤਰ ’ਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਗਿਆਨਵਰਧਕ ਪੇਸ਼ਕਾਰੀਆਂ ਰਾਹੀਂ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ, ਸਿੱਖਿਆਵਾਂ ਤੇ ਆਦਰਸ਼ਾਂ ਨੂੰ ਪੇਸ਼ ਕੀਤਾ। ਇਸ ਮੌਕੇ ਸੱਤਵੀਂ ਜਮਾਤ ਦੇ ਵਿਦਿਆਰਥੀ ਖੁਸ਼ਹਾਲ ਨੇ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੇ ਵਿਚਾਰਾਂ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਸ ਨੇ ਦੱਸਿਆ ਕਿ ਮਹਾਰਿਸ਼ੀ ਵਾਲਮੀਕਿ ਜੀ ਸੰਸਕ੍ਰਿਤ ਸਾਹਿਤ ਦੇ ਆਦਿ ਕਵੀ ਹਨ ਅਤੇ ਉਨ੍ਹਾਂ ਨੇ ਮਹਾਨ ਗ੍ਰੰਥ ਰਾਮਾਇਣ ਦੀ ਰਚਨਾ ਕਰਕੇ ਸਮਾਜ ਨੂੰ ਸੱਚਾਈ, ਧਰਮ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਮਾਗਮ ਦਾ ਮੁੱਖ ਆਕਰਸ਼ਣ ਛੇਵੀਂ ਜਮਾਤ ਦੇ ਵਿਦਿਆਰਥੀ ਰੋਸ਼ਨ ਤੇ ਤਨਵੀਰ ਰਹੇ, ਜਿਨ੍ਹਾਂ ਨੇ ਲਵ ਤੇ ਕੁਸ਼ ਦਾ ਰੂਪ ਧਾਰਨ ਕੀਤਾ। ਦੋਵਾਂ ਵਿਦਿਆਰਥੀਆਂ ਨੇ ਬਹੁਤ ਹੀ ਸੁਰੀਲੇ ਤੇ ਮਨਮੋਹਕ ਅੰਦਾਜ਼ ਵਿੱਚ ਰਾਮਾਇਣ ਦੇ ਚੋਣਵੇਂ ਅੰਸ਼ ਸੰਸਕ੍ਰਿਤ ਵਿੱਚ ਪੇਸ਼ ਕੀਤੇ ਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ’ਤੇ ਆਧਾਰਿਤ ਸ਼ਲੋਕਾਂ ਦਾ ਗਾਇਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਪਵਿੱਤਰ ਮੌਕੇ ’ਤੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈਆਂ ਵੀ ਦਿੱਤੀਆਂ।