ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਕੀਤਾ ਰਿਲੀਜ਼ ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਕੀਤਾ ਰਿਲੀਜ਼
Publish Date: Sat, 22 Aug 2026 07:17 PM (IST)
Updated Date: Sat, 22 Aug 2026 07:18 PM (IST)
--ਕਰੰਟ ਅਫੇਅਰ ਤੇ ਜੀਕੇ ਦਾ ਖ਼ਜ਼ਾਨਾ ਹੈ ਮੈਗਜ਼ੀਨ : ਪ੍ਰੋ. ਔਜਲਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਸੀਚੇਵਾਲ ਵਿਚ ਜਸਬੀਰ ਸਿੰਘ ਵਾਟਾਂਵਾਲੀ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ਵਿਦਿਅਕ ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਸਬੀਰ ਵਾਟਾਂਵਾਲੀ ਨੇ ਮੈਗਜ਼ੀਨ ਤਿਆਰ ਕਰਨ ਦੇ ਉਦੇਸ਼ ਬਾਰੇ ਬੋਲਦਿਆਂ ਕਿਹਾ ਕਿ ਇਹ ਮੈਗਜ਼ੀਨ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਤਾਜ਼ਾ ਘਟਨਾਵਾਂ, ਜਨਰਲ ਨੌਲਜ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪੰਜਾਬੀ ਮਾਂ ਬੋਲੀ ਵਿੱਚ ਉਪਲਬਧ ਕਰਵਾਉਣ ਦੇ ਖਾਸ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਵਿਚ ਪ੍ਰਕਾਸ਼ਿਤ ਇਹ ਮੈਗਜ਼ੀਨ ਵਾਕਿਆ ਹੀ ਕਰੰਟ ਅਫੇਅਰ ਤੇ ਜੀਕੇ ਦਾ ਖਜ਼ਾਨਾ ਹੈ। ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਗੁੰਝਲਦਾਰ ਵਿਸ਼ਿਆਂ ਨੂੰ ਬੜੀ ਹੀ ਸਰਲ ਪੰਜਾਬੀ ਭਾਸ਼ਾ ਵਿਚ ਬਿਆਨ ਕਰਦਾ ਹੈ। ਪੱਤਰਕਾਰ ਤੇ ਬੁੱਧੀਜੀਵੀ ਰੌਸ਼ਨ ਖੈੜਾ ਨੇ ਕਿਹਾ ਕਿ ‘ਕੈਗ ਬਰਾਈਟ ਮਾਈਂਡ’ ਮੈਗਜ਼ੀਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਇਮਤਿਹਾਨ ਪਾਸ ਕਰਨ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਵਿਗਿਆਨ, ਤਕਨਾਲੋਜੀ ਤੇ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਵਿਸ਼ਾਲ ਦ੍ਰਿਸ਼ਟੀਕੋਣ ਦੇਣਾ ਹੈ। ਇਸ ਮੌਕੇ ਜਸਬੀਰ ਵਾਟਾਂਵਾਲੀ ਨੂੰ ਵਿਸ਼ੇਸ਼ ਵਧਾਈ ਤੇ ਪ੍ਰਸੰਸਾ ਭੇਟ ਕਰਦਿਆਂ ਡਾ. ਗੁਰਨਾਮ ਸਿੰਘ ਸੈਦੋਵਾਲ ਨੇ ਕਿਹਾ ‘ਕੈਗ ਬਰਾਈਟ ਮਾਈਂਡ’ ਸਿਰਫ਼ ਇੱਕ ਮੈਗਜ਼ੀਨ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ, ਸਮਕਾਲੀ ਮਸਲਿਆਂ ਦੀ ਸਮਝ ਤੇ ਵੱਡੇ ਮੁਕਾਬਲੇ ਦੇ ਇਮਤਿਹਾਨਾਂ ਲਈ ਆਤਮ-ਵਿਸ਼ਵਾਸ ਪੈਦਾ ਕਰਨ ਵੱਲ ਇੱਕ ਬੇਸ਼ਕੀਮਤੀ ਉਪਰਾਲਾ ਹੈ। ਇਸ ਮੌਕੇ ਲੇਖਕ ਮੁਖਤਿਆਰ ਸਿੰਘ ਚੰਦੀ, ਲੇਖਕਾ ਬੀਬਾ ਕੁਲਵਿੰਦਰ ਕੰਵਲ ਤੇ ਰਿਟ. ਪ੍ਰਿੰ. ਲਖਬੀਰ ਸਿੰਘ ਨੇ ਮੈਗਜ਼ੀਨ ਨੂੰ ਪੰਜਾਬੀ ਮਾਂ ਬੋਲੀ ਵਿਚ ਨਿਵੇਕਲਾ ਉਪਰਾਲਾ ਕਿਹਾ ਤੇ ਇਸਨੂੰ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਦੱਸਿਆ ।ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਆਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਜਸਬੀਰ ਵਾਟਾਂਵਾਲੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮੰਗਲ ਸਿੰਘ ਭੰਡਾਲ, ਪ੍ਰਿੰ. ਜਸਬੀਰ ਸਿੰਘ ਸੰਧੂ, ਪ੍ਰਿੰ. ਹਰਜਿੰਦਰ ਸਿੰਘ, ਪ੍ਰਿੰ. ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਲੀਡਰ, ਗੁਰਸ਼ਰਨ ਸਿੰਘ ਰਾਮਗੜ੍ਹੀਆ, ਸਰਜੀਤ ਸਿੰਘ ਡੱਲਾ, ਗੁਰਮੀਤ ਸਿੰਘ ਸਰਪੰਚ, ਬਲਦੇਵ ਸਿੰਘ ਜੋਸਨ, ਰਣਜੀਤ ਸਿੰਘ ਰਾਣਾ, ਮਿਊਜ਼ਿਕ ਟੀਚਰ ਰਾਜਨਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਲਈ ਕੰਪੀਟੀਟਿਵ ਇਮਤਿਹਾਨ ਹੋਣਗੇ ਸੌਖੇ : ਸੰਤ ਸੀਚੇਵਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਕਰੰਟ ਅਫੇਅਰਸ ਤੇ ਜੀਕੇ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਵੱਡੇ ਆਹੁਦੇ ਜਿਵੇਂ ਆਈਏਐੱਸ, ਪੀਸੀਐੱਸ, ਪੀਪੀਐੱਸਸੀ, ਐੱਸਐੱਸਸੀ, ਬੈਂਕਿੰਗ, ਪੁਲਿਸ, ਪਟਵਾਰੀ ਤੇ ਹੋਰ ਹਰ ਤਰ੍ਹਾਂ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਰੋਜ਼ਾਨਾ ਦੀਆਂ ਮਹੱਤਵਪੂਰਨ ਘਟਨਾਵਾਂ ਤੇ ਬੁਨਿਆਦੀ ਗਿਆਨ ਨਾਲ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀ ਇਸੇ ਲੋੜ ਨੂੰ ਪੰਜਾਬੀ ਮਾਂ ਬੋਲੀ ਵਿਚ ਪੂਰਾ ਕਰਦਾ ਹੈ ਇਹ ‘ਕੈਗ ਬਰਾਈਟ ਮਾਈਂਡ’ ਮੈਗਜ਼ੀਨ। ਇਹ ਵਾਕਿਆ ਹੀ ਵਿਦਿਆਰਥੀਆਂ ਲਈ ਇੱਕ ਸਰਲ ਭਾਸ਼ਾ ਵਿਚ ਵੱਡੇ ਗਿਆਨ ਦਾ ਸੋਮਾ ਹੈ। ਇਸ ਨਾਲ ਪੰਜਾਬੀ ਮੀਡੀਅਮ ਵਾਲੇ ਪੇਂਡੂ ਵਿਦਿਆਰਥੀਆਂ ਲਈ ਕੰਪੀਟੀਟਿਵ ਇਮਤਿਹਾਨ ਕਾਫੀ ਕਾਫੀ ਸੌਖੇ ਹੋ ਜਾਣਗੇ।