ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਫਗਵਾੜਾ ਲਾਗਲੇ ਇਲਾਕੇ ਗੁਰਾਇਆਂ ਵਿੱਚ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਾਹਿਤਕ ਇਕੱਠ ਕੀਤਾ ਗਿਆ, ਜਿਸਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਪ੍ਰਿੰਸੀਪਲ ਨਵਤੇਜ ਸਿੰਘ ਗੜ੍ਹਦੀਵਾਲਾ, ਮੰਚ ਦੇ ਪ੍ਰਧਾਨ ਸ਼ਾਮ ਸਰਗੂੰਦੀ, ਚੰਨ ਗੁਰਾਇਆਂ ਵਾਲ਼ਾ ਦੇ ਭਾਣਜਾ ਨਿਰਮਲ ਕੁਮਾਰ, ਆਦਿ ਸ਼ਾਮਲ ਰਹੇ। ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਤੇ ਸ਼ੁੱਭ ਕਾਮਨਾਵਾਂ ਦੇਣ ਲਈ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਤੇ ਵਿਸ਼ਵ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਪਹੁੰਚੇ। ਮੰਚ ਸੰਚਾਲਨ ਕਰ ਰਹੇ ਜਨਰਲ ਸਕੱਤਰ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਅਮਰੀਕਾ ਰਹਿੰਦੇ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਦੁਆਰਾ ਇਹ ਮੰਚ ਤਿਆਰ ਕੀਤਾ ਗਿਆ, ਜਿਸਦੇ ਉਹ ਚੇਅਰਮੈਨ ਵੀ ਹਨ ਤੇ ਮੰਚ ਵੱਲੋਂ ਸਮੇਂ-ਸਮੇਂ ਤੇ ਸਾਹਿਤਕ ਪ੍ਰੋਗਰਾਮ ਕਰਨ ਦੇ ਨਾਲ਼ ਨਾਲ਼ ਲੋੜਵੰਦ ਵਿਅਕਤੀਆਂ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ। ਮੰਚ ਦੇ ਖਜ਼ਾਨਚੀ ਗੁਰਮੁਖ ਲੁਹਾਰ ਵੱਲੋਂ ਸਭ ਨੂੰ ਜੀ ਆਇਆਂ ਆਖਦਿਆਂ ਇਕ ਰਚਨਾ ਨਾਲ਼ ਸਾਂਝ ਪਾਈ। ਚੰਨ ਗੁਰਾਇਆਂ ਵਾਲ਼ਾ ਬਾਰੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਨ ਵਰਗਾ ਗੀਤਕਾਰ ਹਰ ਕੋਈ ਨਹੀਂ ਹੋ ਸਕਦਾ। ਸ਼ਾਇਦ ਹੀ ਕੋਈ ਗਾਇਕ ਹੋਵੇ ਜਿਸਨੇ ਚੰਨ ਗੁਰਾਇਆਂ ਵਾਲ਼ਾ ਦਾ ਗੀਤ ਨਾ ਗਾਇਆ ਹੋਵੇ। ਅੱਜ ਗੁਰਾਇਆਂ ਦੀ ਪਹਿਚਾਣ ਚੰਨ ਦੇ ਨਾਮ ਕਰਕੇ ਵੀ ਬਣ ਗਈ ਹੈ। ਇਸ ਮੌਕੇ ਮੰਚ ਵਲੋਂ ਸਨਮਾਨ ਪੱਤਰ, ਨਕਦ ਰਾਸ਼ੀ, ਲੋਈ ਤੇ ਕਿਤਾਬਾਂ ਦੇ ਕੇ ਨਾਮਵਰ ਗੀਤਕਾਰ ਮਦਨ ਜਲੰਧਰੀ ਨੂੰ ਪਹਿਲਾ ਚੰਨ ਗੁਰਾਇਆਂ ਵਾਲ਼ਾ ਯਾਦਗਾਰੀ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਮਦਨ ਜਲੰਧਰੀ ਨੇ ਜਿੱਥੇ ਮੰਚ ਦਾ ਧੰਨਵਾਦ ਕੀਤਾ, ਉਥੇ ਹੀ ਚੰਨ ਗੁਰਾਇਆਂ ਵਾਲ਼ਾ ਨਾਲ਼ ਆਪਣੀਆਂ ਸਾਂਝਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚੰਨ ਗੁਰਾਇਆਂ ਵਾਲ਼ਾ ਦੇ ਨਾਮ ’ਤੇ ਸਨਮਾਨਤ ਹੋਣਾ ਆਪਣੇ-ਆਪ ਵਿੱਚ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਮੰਚ ਵੱਲੋਂ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦੁਆਰਾ ਗੌਲ਼ੇ ਅਣਗੌਲ਼ੇ ਸ਼ਾਇਰਾਂ ਬਾਰੇ ਲਿਖੇ ਸ਼ਬਦ ਚਿੱਤਰਾਂ ਦੀ ਪੁਸਤਕ ਸ਼ਾਇਰਾਂ ਦੀ ਦੁਨੀਆਂ ਭਾਗ 3 ਲੋਕ ਅਰਪਣ ਕੀਤੀ ਗਈ ,ਜਿਸ ਬਾਰੇ ਬੋਲਦਿਆਂ ਪ੍ਰੋ. ਸੰਧੂ ਵਰਿਆਣਵੀ ਅਤੇ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਸ਼ਬਦ ਚਿੱਤਰ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੈ। ਜਗਦੀਸ਼ ਰਾਣਾ ਦੁਆਰਾ ਕੀਤਾ ਜਾ ਰਿਹਾ ਕੰਮ ਇਤਿਹਾਸਿਕ ਹੈ। ਜਿਹੜਾ ਖ਼ੋਜ ਭਰਪੂਰ ਕਾਰਜ ਭਾਸ਼ਾ ਵਿਭਾਗ ਪੰਜਾਬ, ਯੂਨੀਵਰਸਿਟੀਆਂ ਦੇ ਵਿਦਵਾਨਾਂ ਜਾਂ ਸਾਹਿਤ ਅਕਾਦਮੀ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਇਕੱਲਾ ਜਗਦੀਸ਼ ਰਾਣਾ ਕਰ ਰਿਹਾ ਹੈ। ਧੂਰੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਇਲਾਕੇ ਦੇ ਵੱਡੇ ਕਵੀ ਗੀਤਕਾਰ ਚੰਨ ਗੁਰਾਇਆਂ ਵਾਲ਼ਾ ਦੇ ਨਾਮ ’ਤੇ ਮਦਨ ਜਲੰਧਰੀ ਨੂੰ ਸਨਮਾਨਤ ਕਰਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਨੇ ਵੱਡਾ ਤੇ ਵਧੀਆ ਉਪਰਾਲਾ ਕੀਤਾ ਹੈ। ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਤੇ ਗਾਇਕ ਬੂਟਾ ਮੁਹੰਮਦ ਨੇ ਕਿਹਾ ਕਿ ਮਦਨ ਜਲੰਧਰੀ ਨੂੰ ਚੰਨ ਗੁਰਾਇਆਂ ਵਾਲ਼ਾ ਦੇ ਨਾਮ ਤੇ ਐਵਾਰਡ ਦੇ ਕੇ ਮੰਚ ਨੇ ਵਧੀਆ ਕਾਰਜ ਕੀਤਾ ਹੈ ਤੇ ਮੰਚ ਦੀ ਚੋਣ ਵੀ ਬੜੀ ਢੁੱਕਵੀਂ ਹੈ ਕਿਉਂਕਿ ਚੰਨ ਗੁਰਾਇਆਂ ਵਾਲਾ ਅਗਰ ਕੈਸੇਟ ਦਾ ਇੱਕ ਪਾਸਾ ਹੈ ਤਾਂ ਦੂਜਾ ਪਾਸਾ ਮਦਨ ਜਲੰਧਰੀ ਹੈ। ਉਨ੍ਹਾਂ ਜਗਦੀਸ਼ ਰਾਣਾ ਦੀ ਪੁਸਤਕ ਸ਼ਾਇਰਾਂ ਦੀ ਦੁਨੀਆਂ ਭਾਗ 3 ਲਈ ਵਧਾਈ ਦਿੰਦਿਆਂ ਆਖਿਆ ਕਿ ਜਗਦੀਸ਼ ਰਾਣਾ ਮਿਹਨਤੀ, ਸਿਰੜੀ ਤੇ ਹਿੰਮਤੀ ਸੁਭਾਅ ਕਰਕੇ ਔਖੇ ਤੋਂ ਔਖਾ ਕਾਰਜ ਵੀ ਆਸਾਨੀ ਨਾਲ਼ ਕਰ ਲੈਂਦਾ ਹੈ। ਇੰਨੇ ਸ਼ਾਇਰਾਂ ਨੂੰ ਕਿਤਾਬ ਵਿੱਚ ਸਾਂਭ ਲੈਣਾ ਮਹਾਨ ਕਾਰਜ ਹੈ। ਪ੍ਰਵਾਸੀ ਸਾਹਿਤਕਾਰ ਕਮਲ ਧਰਮਸੋਤ ਦੀ ਪੁਸਤਕ ਵੱਖਰੇ ਰਾਹਾਂ ਦੇ ਪਾਂਧੀ ਵੀ ਮੌਕੇ ’ਤੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿੱਚ ਸਤਪਾਲ ਸਾਹਲੋਂ, ਕੇ ਸਾਧੂ ਸਿੰਘ, ਸੁਖਦੇਵ ਸਿੰਘ ਔਲਖ, ਕੁਲਵੰਤ ਸਿੰਘ ਬੂੰਗਾ, ਵਿੰਦਰ ਮਾਝੀ, ਗੁਰਜੀਤ ਸਿੰਘ ਸਹੋਤਾ,ਹਰਦਿਆਲ ਹੁਸ਼ਿਆਰਪੁਰੀ, ਬਲਵੰਤ ਚਿਰਾਗ਼, ਅਜੀਤ ਪਿਆਸਾ, ਦੇਵ ਰਾਜ ਦਾਦਰ, ਬਿੰਦਰ ਬਕਾਪੁਰੀ, ਦਵਿੰਦਰ ਜੱਸਲ, ਸੁਰਿੰਦਰ ਸਾਗਰ, ਹਰਮੇਸ਼ ਗਹੌਰੀਆ, ਗੁਰਦਿਆਲ ਸਿੰਘ ਮੁਠੱਡਾ, ਧਰਮਿੰਦਰ ਮਸਾਣੀ ਆਦਿ ਕਵੀਆਂ ਗਾਇਕਾਂ ਨੇ ਆਪਣੀਆਂ ਰਚਨਾਵਾਂ ਨਾਲ਼ ਚਾਰ ਚੰਨ ਲਾ ਦਿੱਤੇ। ਇਸ ਮੌਕੇ ਨੱਕਾਸ਼ ਚਿੱਤੇਵਾਣੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਦਿਲਬਹਾਰ ਸ਼ੌਕਤ, ਪੰਮੀ ਰੁੜਕਾ, ਬਲਵਿੰਦਰ ਕੌਰ ਹੀਰ (ਐੱਮਸੀ), ਨਿਰਮਲ ਗੁੜੇ, ਮਿੱਤਰ ਮਨਜੀਤ, ਸੋਹਣ ਸਿੰਘ ਭਿੰਡਰ, ਟੋਨੀ ਦੁਸਾਂਝ, ਜਸਵਿੰਦਰ ਫਗਵਾੜਾ, ਬੱਬੂ ਸੈਣੀ, ਸੋਢੀ ਰਾਣਾ, ਸੂਦ ਵਿਰਕ, ਜਿੰਗਾ ਸਿੰਘ, ਵਿੱਕੀ ਬਹਾਦਰਕੇ, ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਮੁਲਖ ਰਾਜ ਜੱਖੂ, ਸੰਜੀਵ ਸਿੱਧੂ, ਰਾਜੀਵ ਭਾਰਤੀ, ਸ਼ਿੰਗਾਰਾ ਮਸਾਣੀ, ਜਿੰਮੀ ਗੁਰਾਇਆਂ, ਹੈਪੀ ਗੁਰਾਇਆਂ, ਸ਼ਿੰਦਾ ਗੁਰਾਇਆਂ, ਸੁਰਿੰਦਰ ਕੁਮਾਰ, ਰਵੀ ਕੁਮਾਰ, ਸੋਹਣ ਲਾਲ, ਰਣਦੀਪ ਜੱਸੀ, ਵਰਦਾਨ ਰਾਜ ਤੇ ਹੋਰ ਵੀ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰ ਰਹੇ। ਮੰਚ ਵੱਲੋਂ ਪ੍ਰਧਾਨਗੀ ਮੰਡਲ ਦੇ ਨਾਲ਼ ਨਾਲ਼ ਮੌਜੂਦ ਕਵੀਆਂ ਦਾ ਵੀ ਸਨਮਾਨ ਕੀਤਾ ਗਿਆ।