ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਿਖਾਇਆ ਜੋਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ (ਡੀ ਜੋਨ) ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Fri, 09 Oct 2026 07:59 PM (IST)
Updated Date: Fri, 09 Oct 2026 08:02 PM (IST)
---ਯੂਥ ਫੈਸਟੀਵਲ ’ਚ ਅਗਮਪ੍ਰੀਤ ਨੇ ਜਿੱਤਿਆ ਬੈਸਟ ਐਕਟਰ ਦਾ ਐਵਾਰਡ --ਵੱਖ-ਵੱਖ ਮੁਕਾਬਲਿਆਂ ’ਚ ਹਾਸਲ ਕੀਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ ਦੇ ਡੀ ਜ਼ੋਨ ਮੁਕਾਬਲਿਆਂ ਵਿੱਚ ਆਪਣੀ ਕਲਾ, ਪ੍ਰਤਿਭਾ, ਮਿਹਨਤ ਤੇ ਸਿਰਜਣਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਸੈਕਿੰਡ ਰਨਰ-ਅਪ ਦੀ ਟਰਾਫੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਸੰਗੀਤ, ਸਾਹਿਤ, ਨਾਟਕ, ਲੋਕ-ਨਾਚ, ਚਿੱਤਰਕਲਾ, ਫੋਟੋਗ੍ਰਾਫੀ ਤੇ ਹੋਰ ਵੱਖ-ਵੱਖ ਕਲਾਤਮਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਇਨਾਮ ਆਪਣੇ ਨਾਮ ਕੀਤੇ। ਇਨ੍ਹਾਂ ਪ੍ਰਾਪਤੀਆਂ ਨਾਲ ਕਾਲਜ ਨੇ ਸੱਭਿਆਚਾਰਕ ਤੇ ਕਲਾਤਮਕ ਖੇਤਰ ਵਿੱਚ ਆਪਣੀ ਮਜ਼ਬੂਤ ਪਛਾਣ ਨੂੰ ਹੋਰ ਪੱਕਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਕਲਾਤਮਕ ਯੋਗਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੇ ਡੀਨ, ਯੂਥ ਅਫੇਅਰਜ਼ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਥ ਫੈਸਟੀਵਲ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੀ ਤਿਆਰੀ ਵਿੱਚ ਸਹਿਯੋਗ ਦੇਣ ਵਾਲੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਯੂਥ ਫੈਸਟੀਵਲ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਵੈਸਟਰਨ ਵੋਕਲ (ਸੋਲੋ), ਵੈਸਟਰਨ ਇੰਸਟਰੂਮੈਂਟਲ (ਸੋਲੋ), ਵੈਸਟਰਨ ਗਰੁੱਪ ਸੌਂਗ ਤੇ ਗੀਤ/ਗ਼ਜ਼ਲ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਲਾਸੀਕਲ ਵੋਕਲ (ਸੋਲੋ), ਫੋਕ ਸੌਂਗ, ਗਰੁੱਪ ਸੌਂਗ (ਇੰਡੀਅਨ), ਪੇਂਟਿੰਗ ਆਨ ਦੀ ਸਪਾਟ, ਫੋਟੋਗ੍ਰਾਫੀ, ਕੁਇਜ਼ ਤੇ ਵਨ ਐਕਟ ਪਲੇਅ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਵਿਦਿਆਰਥੀਆਂ ਨੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ ਗਰੁੱਪ ਸ਼ਬਦ/ਭਜਨ, ਗਿੱਧਾ, ਕੋਰੀਓਗ੍ਰਾਫੀ ਅਤੇ ਪੀੜ੍ਹੀ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਯੂਥ ਫੈਸਟੀਵਲ ਦੌਰਾਨ ਕਾਲਜ ਨੇ ਇੱਕ ਹੋਰ ਮਾਣਮੱਤੀ ਪ੍ਰਾਪਤੀ ਕੀਤੀ, ਜਦੋਂ ਕਾਲਜ ਦੀ ਬੀਬੀਏ ਤੀਜੇ ਸਮੈਸਟਰ ਦੀ ਵਿਦਿਆਰਥਣ ਅਗਮਪ੍ਰੀਤ ਨੇ ਵਨ ਐਕਟ ਪਲੇਅ ਦੇ ਮੁਕਾਬਲੇ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਆਧਾਰ ’ਤੇ ਬੈਸਟ ਐਕਟਰ ਦਾ ਐਵਾਰਡ ਪ੍ਰਾਪਤ ਕੀਤਾ। ਇਸ ਮੌਕੇ ਸੰਗੀਤ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਡਿੰਪਲ ਕੁਮਾਰ, ਗਿੱਧੇ ਦੇ ਇੰਚਾਰਜ ਪ੍ਰੋ. ਅਮਨਦੀਪ ਕੌਰ ਚੀਮਾ, ਸਾਹਿਤਕ ਆਈਟਮਾਂ ਦੇ ਇੰਚਾਰਜ ਪ੍ਰੋ. ਵਰਿੰਦਰ ਕੌਰ ਤੇ ਪ੍ਰੋ. ਜਸਪ੍ਰੀਤ ਕੌਰ, ਕੁਇਜ਼ ਦੇ ਇੰਚਾਰਜ ਪ੍ਰੋ. ਵਿਸ਼ਾਲ ਸ਼ੁੱਕਲਾ ਤੇ ਪ੍ਰੋ. ਦਮਨਜੀਤ ਕੌਰ, ਥੀਏਟਰ ਦੇ ਇੰਚਾਰਜ ਡਾ. ਸ਼ਾਲੂ ਤੇ ਪ੍ਰੋ. ਪ੍ਰਭਜੋਤ ਕੌਰ, ਕੋਰੀਓਗ੍ਰਾਫੀ ਦੇ ਇੰਚਾਰਜ ਪ੍ਰੋ. ਮੁਸਕਾਨ ਤੇ ਫਾਈਨ ਆਰਟਸ ਦੇ ਇੰਚਾਰਜ ਪ੍ਰੋ. ਕਿਰਨ ਤੇ ਪ੍ਰੋ. ਮਨਜੋਤ ਕੌਰ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।