ਭਗਵਾਨ ਧਨਵੰਤਰੀ ਆਯੁਰਵੇਦ ਦੇ ਜਨਕ : ਡਾ. ਧੀਰ ਭਗਵਾਨ ਧਨਵੰਤਰੀ ਆਯੁਰਵੇਦ ਦੇ ਜਨਕ ਅਤੇ ਆਰੋਗਤਾ ਦੇ ਦੇਵਤਾ ਹਨ: ਡਾ. ਜਵਾਹਰ ਧੀਰ
Publish Date: Thu, 05 Nov 2026 06:55 PM (IST)
Updated Date: Thu, 05 Nov 2026 06:56 PM (IST)
ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਦੇ ਸੇਵਾਮੁਕਤ ਜ਼ਿਲ੍ਹਾ ਆਯੁਰਵੇਦ ਤੇ ਯੂਨਾਨੀ ਅਧਿਕਾਰੀ ਤੇ ਡਾਕਟਰਾਂ ਦੀ ਰਾਸ਼ਟਰੀ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਰਜਿ.) ਨੀਮਾ ਦੀ ਫਗਵਾੜਾ ਇਕਾਈ ਦੇ ਸਾਬਕਾ ਪ੍ਰਧਾਨ ਡਾ. ਜਵਾਹਰ ਧੀਰ ਨੇ ਕਿਹਾ ਹੈ ਕਿ ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ, ਜਿਸਨੂੰ ਅਸੀਂ ਧਨਤੇਰਸ ਦੇ ਨਾਂ ਨਾਲ ਜਾਣਦੇ ਹਾਂ, ਸਿਰਫ਼ ਧਨ ਦੀ ਪੂਜਾ ਦਾ ਤਿਉਹਾਰ ਨਹੀਂ ਹੈ। ਇਹ ਆਰੋਗਤਾ ਦੇ ਦੇਵਤਾ ਭਗਵਾਨ ਧਨਵੰਤਰੀ ਦੇ ਪ੍ਰਗਟ ਹੋਣ ਦਾ ਦਿਵਸ ਹੈ। ਸਮੁੰਦਰ ਮੰਥਨ ਦੇ ਸਮੇਂ ਜਦੋਂ ਦੇਵਤਿਆਂ ਤੇ ਅਸੁਰਾਂ ਨੇ ਅੰਮ੍ਰਿਤ ਲਈ ਮੰਥਨ ਕੀਤਾ, ਤਾਂ ਚੌਦਾਂ ਰਤਨਾਂ ਦੇ ਨਾਲ ਹੱਥ ਵਿੱਚ ਅੰਮ੍ਰਿਤ ਕਲਸ਼ ਲਈ, ਸ਼ੰਖ-ਚੱਕਰ-ਗਦਾ-ਪਦਮ ਧਾਰੀ ਭਗਵਾਨ ਧਨਵੰਤਰੀ ਪ੍ਰਗਟ ਹੋਏ। ਭਗਵਾਨ ਧਨਵੰਤਰੀ ਨੂੰ ਭਗਵਾਨ ਵਿਸ਼ਨੂੰ ਦਾ ਹੀ ਅੰਸ਼ਾਵਤਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਅਵਤਰਨ ਸਿਰਫ਼ ਅੰਮ੍ਰਿਤ ਪ੍ਰਦਾਨ ਕਰਨ ਲਈ ਨਹੀਂ, ਸਗੋਂ ਮਨੁੱਖਤਾ ਨੂੰ ਰੋਗਾਂ ਤੋਂ ਮੁਕਤੀ ਦਾ ਗਿਆਨ ਦੇਣ ਲਈ ਹੋਇਆ। ਇਸੇ ਕਾਰਨ ਉਨ੍ਹਾਂ ਨੂੰ ਆਯੁਰਵੇਦ ਦਾ ਜਨਕ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਦਾ ਅਰਥ ਹੈ ਆਯੂ ਦਾ ਵੇਦ, ਜੀਵਨ ਜਿਉਣ ਦਾ ਵਿਗਿਆਨ। ਭਗਵਾਨ ਧਨਵੰਤਰੀ ਨੇ ਆਪਣੇ ਸ਼ਿਸ਼ ਸੁਸ਼ਰੁਤ, ਜੋ ਵਿਸ਼ਵ ਦੇ ਪਹਿਲੇ ਸਰਜਨ ਸਨ, ਆਦਿ ਨੂੰ ਇਸ ਗਿਆਨ ਦਾ ਉਪਦੇਸ਼ ਦਿੱਤਾ, ਜਿਸ ਨਾਲ ਸਰਜਰੀ, ਜੜੀ- ਬੂਟੀਆਂ ਨਾਲ ਇਲਾਜ, ਦਿਨਚਰਿਆ, ਰੁੱਤਚਰਿਆ ਤੇ ਆਹਾਰ-ਵਿਹਾਰ ਦੀ ਪਰੰਪਰਾ ਵਿਕਸਿਤ ਹੋਈ। ਅੱਜ ਵੀ ਆਯੁਰਵੇਦ ਦੇ ਡਾਕਟਰ ਕਿਸੇ ਵੀ ਇਲਾਜ ਤੋਂ ਪਹਿਲਾਂ ਭਗਵਾਨ ਧਨਵੰਤਰੀ ਦਾ ਸਿਮਰਨ ਕਰਦੇ ਹਨ। ਅੱਜ ਜਦੋਂ ਅਸੀਂ ਭੱਜ-ਦੌੜ, ਤਣਾਅ, ਪ੍ਰਦੂਸ਼ਣ ਤੇ ਅਸੰਤੁਲਿਤ ਖਾਣ-ਪੀਣ ਕਾਰਨ ਅਨੇਕਾਂ ਰੋਗਾਂ ਨਾਲ ਘਿਰੇ ਹੋਏ ਹਾਂ, ਤਾਂ ਧਨਵੰਤਰੀ ਦੀ ਸਿੱਖਿਆ ਹੋਰ ਵੀ ਢੁਕਵੀਂ ਹੋ ਜਾਂਦੀ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਕੁਦਰਤ ਨਾਲ ਜਿਉਣਾ, ਸੰਜਮੀ ਭੋਜਨ ਕਰਨਾ, ਸਮੇਂ ਸਿਰ ਸੌਣਾ-ਜਾਗਣਾ ਤੇ ਮਨ ਨੂੰ ਸ਼ਾਂਤ ਰੱਖਣਾ ਹੀ ਸਭ ਤੋਂ ਵੱਡੀ ਚਿਕਿਤਸਾ ਹੈ। ਡਾ. ਧੀਰ ਨੇ ਕਿਹਾ ਕਿ ਇਸ ਧਨਤੇਰਸ ਤੇ ਸਾਨੂੰ ਸਿਰਫ਼ ਭਾਂਡੇ ਤੇ ਗਹਿਣੇ ਹੀ ਨਹੀਂ, ਸਗੋਂ ਚੰਗੀ ਸਿਹਤ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਭਗਵਾਨ ਧਨਵੰਤਰੀ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ, ਸਾਡੇ ਪਰਿਵਾਰ ਤੇ ਸਮੁੱਚੇ ਸਮਾਜ ਨੂੰ ਨਿਰੋਗ, ਲੰਬੀ ਉਮਰ ਤੇ ਸੁਖੀ ਜੀਵਨ ਪ੍ਰਦਾਨ ਕਰਨ।