ਦੁਸਾਂਝ ਕਲਾਂ ’ਚ ਰਾਤੀਂ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੇ ਛੁਡਵਾਏ ਪਸੀਨੇ ਦੁਸਾਂਝ ਕਲਾਂ ਵਿੱਚ ਰਾਤੀ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੇ ਛੁਡਵਾਏ ਪਸੀਨੇ
Publish Date: Sat, 18 Jul 2026 07:25 PM (IST)
Updated Date: Sat, 18 Jul 2026 07:28 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਅੱਤ ਦੀ ਪੈ ਰਹੀ ਗਰਮੀ ਦਰਮਿਆਨ ਬਿਜਲੀ ਦੇ ਲੰਬੇ ਅਤੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਪਿੰਡ ਦੁਸਾਂਝ ਕਲਾਂ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਮੁੜ ਪੁਰਾਣੇ ਸਮਿਆਂ ਵਾਂਗ ਹੱਥਾਂ ਵਿੱਚ ਪੱਖੀਆਂ ਫੜ ਕੇ ਵਕਤ ਕੱਟਣਾ ਪੈ ਰਿਹਾ ਹੈ। ਬੀਤੀ ਰਾਤ 9 ਵਜੇ ਬੱਤੀ ਗੁੱਲ ਹੋ ਗਈ। ਸਾਰੀ ਰਾਤ ਕੱਟ ਲੱਗਾ ਹੋਣ ਕਰਕੇ ਇਨਵਰਟਰ ਵੀ ਜਵਾਬ ਦੇ ਗਏ। ਸਵੇਰੇ 7 ਵਜੇ ਬੱਤੀ ਆਈ ਤਾਂ ਪਿੰਡ ਵਾਸੀਆਂ ਦੇ ਸਾਹ ਵਿਚ ਸਾਹ ਆਏ। ਅੱਜ ਫਿਰ ਸਾਰਾ ਦਿਨ ਵਾਰ-ਵਾਰ ਕੱਟ ਲੱਗਦੇ ਰਹੇ। ਦਿਨ ਦੇ ਸਮੇਂ ਲਗਾਤਾਰ ਲੱਗਣ ਵਾਲੇ ਕੱਟਾਂ ਕਾਰਨ ਜਿੱਥੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ, ਉੱਥੇ ਹੀ ਘਰਾਂ ਵਿੱਚ ਬੀਬੀਆਂ ਨੂੰ ਰਸੋਈ ਅਤੇ ਹੋਰ ਕੰਮਕਾਰ ਕਰਨ ਵਿੱਚ ਭਾਰੀ ਦਿੱਕਤ ਆ ਰਹੀ ਹੈ। ਸਪਲਾਈ ਠੱਪ ਰਹਿਣ ਕਾਰਨ ਘਰਾਂ ਵਿੱਚ ਲੱਗੇ ਇਨਵਾਟਰ ਵੀ ਜਵਾਬ ਦੇ ਗਏ ਹਨ। ਇਸ ਅੱਤ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਸਭ ਤੋਂ ਮਾੜਾ ਅਸਰ ਛੋਟੇ ਬੱਚਿਆਂ ਅਤੇ ਬਿਮਾਰ ਬਜ਼ੁਰਗਾਂ ’ਤੇ ਪੈ ਰਿਹਾ ਹੈ ਜੋ ਰਾਤਾਂ ਨੂੰ ਸੌਂ ਵੀ ਨਹੀਂ ਪਾ ਰਹੇ। ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰਾਂ ਅਤੇ ਪਾਵਰਕਾਮ ਵੱਲੋਂ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਪਿੰਡ ਦੇ ਮੋਹਤਬਰ ਨਿਵਾਸੀ ਅਤੇ ਹੈਂਡੀਕੈਪਟਡ ਵੈੱਲਫ਼ੇਅਰ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸਤਨਾਮ ਦੁਸਾਂਝ ਪਿੰਡ ਦੁਸਾਂਝ ਕਲਾਂ ਦੇ ਸਮੂਹ ਨਿਵਾਸੀਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਤੇ ਸਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਿਜਲੀ ਦੇ ਲੰਬੇ ਕੱਟਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ ਅਤੇ ਖੇਤਰ ਵਿੱਚ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਜਦੋਂ ਸਭ ਸਟੇਸ਼ਨ ਦੁਸਾਂਝ ਕਲਾਂ ਦੇ ਜੇਈ ਮੱਖਣ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤਾਰ ਟੁੱਟ ਗਈ ਸੀ ਜੋ ਠੀਕ ਕਰ ਦਿੱਤੀ ਗਈ ਹੈ।