ਮੋਬਾਈਲ ਫੋਨ ਖੋਹ ਕੇ ਭੱਜੇ ਲੁਟੇਰਿਆਂ ਦੀ ਹੋਈ ਛਿੱਤਰ ਪਰੇਡ
ਮੋਬਾਈਲ ਫੋਨ ਖੋਹ ਕੇ ਭੱਜੇ ਤਿੰਨ ਮੋਟਰਸਾਈਕਲ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ
Publish Date: Fri, 21 Aug 2026 09:54 PM (IST)
Updated Date: Fri, 21 Aug 2026 09:57 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਇੱਕ ਪਾਸੇ ਜਿੱਥੇ ਅੱਜ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਫਗਵਾੜਾ ਸ਼ਹਿਰ ਅੰਦਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ ਉੱਥੇ ਫਗਵਾੜਾ ਵਿਖੇ ਮੋਬਾਈਲ ਫੋਨ ਖੋਹ ਕੇ ਭੱਜੇ ਤਿੰਨ ਮੋਟਰਸਾਈਕਲ ਲੁਟੇਰਿਆਂ ਨੂੰ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਪਹਿਲਾਂ ਤਿੰਨਾਂ ਦੀ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ। ਸੂਚਨਾ ਮਿਲਦੇ ਹੀ ਐੱਸਪੀ ਫਗਵਾੜਾ ਮੇਜਰ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ ਤੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਇੱਕ ਵਿਅਕਤੀ ਤੋਂ ਮੋਬਾਈਲ ਫੋਨ ਖੋਹ ਕੇ ਭੱਜੇ ਸੀ। ਰੌਲਾ ਪੈਣ ’ਤੇ ਕੁਝ ਨੌਜਵਾਨਾਂ ਨੇ ਪਿੱਛਾ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਨੇ ਕਥਿਤ ਲੁਟੇਰਿਆਂ ਦੀ ਕੁੱਟਮਾਰ ਕਰ ਦਿੱਤੀ। ਕਾਬੂ ਕੀਤੇ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮਾਤਾ ਦਿਓਂ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਵਿੱਚ ਪੈਟਰੋਲ ਨਹੀਂ ਸੀ ਤੇ ਉਨ੍ਹਾਂ ਕੋਲ ਪੈਸੇ ਵੀ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਥਿਤ ਲੁਟੇਰਿਆਂ ਨੇ ਆਪਣਾ ਪਤਾ ਮੋਗਾ ਜ਼ਿਲ੍ਹੇ ਦਾ ਦੱਸਿਆ ਹੈ। ਹਾਲਾਂਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।