ਲੋਜਪਾ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ : ਗਹਿਰੀਵਾਲਾ
ਲੋਜਪਾ ਵਿਧਾਨ ਸਭਾ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣਾਂ ਲੜੇਗੀ : ਗਹਿਰੀਵਾਲਾ
Publish Date: Thu, 22 Jan 2026 07:47 PM (IST)
Updated Date: Thu, 22 Jan 2026 07:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਤੇ ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਪੰਜਾਬ ਪ੍ਰਦੇਸ਼ ਦੇ ਉਪ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਦੱਸਿਆ ਕਿ ਸਾਡੇ ਨੇਤਾ ਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਅਸੀਂ ਸੂਬੇ ਅੰਦਰ ‘ਪੰਜਾਬ ਫਸਟ ਤੇ ਪੰਜਾਬੀ ਫਸਟ’ ਬਣਾਉਣ ਲਈ ਸੂਬੇ ਦੇ ਹਰੇਕ ਜ਼ਿਲ੍ਹੇ, ਸ਼ਹਿਰ, ਮੰਡੀਆਂ ਤੋਂ ਲੈ ਕੇ ਪਿੰਡਾਂ ਵਿਚ ਵਸਦੇ ਪੰਜਾਬੀਆਂ ਤੱਕ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀਆਂ ਚੰਗੀਆਂ ਨੀਤੀਆਂ ਤੇ ਗਤੀਵਿਧੀਆਂ ਬਾਰੇ ਜਾਣੂ ਕਰਵਾ ਰਹੇ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਦੀ ਪੁਰਜ਼ੋਰ ਮੰਗ ’ਤੇ ਪੰਜਾਬ ਅੰਦਰ ਚੌਥਾ ਬਦਲ ਲਿਆ ਕੇ ਲੋਜਪਾ ਦੀ ਮਜ਼ਬੂਤ ਸਰਕਾਰ ਬਣਾਈ ਜਾ ਸਕੇ। ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਅੱਜ ਜੰਗਲ ਰਾਜ ਦੇ ਖਤਰਨਾਕ ਮਾਹੌਲ ਵਿਚੋਂ ਲੰਘ ਰਿਹਾ ਹੈ। ਸ਼ਰੇਆਮ ਕਤਲ, ਗੁੰਡਾਗਰਦੀ, ਲੁੱਟਖੋਹ ਤੋਂ ਲੈ ਕੇ ਵਪਾਰੀਆਂ ਤੋਂ ਫਿਰੌਤੀਆਂ ਮੰਗਣ ਤੱਕ ਦੀਆਂ ਵਾਰਦਾਤਾਂ ਨੂੰ ਬਿਨਾਂ ਕਿਸੇ ਡਰ ਦੇ ਵੱਡੇ ਪੱਧਰ ’ਤੇ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਡਰਾ-ਧਮਕਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਬਟੋਰ ਕੇ ਦੁਸਰੀ ਵਾਰ ਸਰਕਾਰ ਬਣਾਈ ਜਾ ਸਕੇ, ਪ੍ਰੰਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਆਪ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਤੇ ਪੰਜਾਬ ਅੰਦਰ ਚੌਥੇ ਬਦਲ ਦੀ ਉਡੀਕ ਵਿਚ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀ ਆਪਣੀ ਲੋਕ-ਪੱਖੀ ਸਰਕਾਰ ਬਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਗਹਿਰੀਵਾਲਾ ਨੇ ਆਪਣੇ ਨੇਤਾ ਚਿਰਾਗ ਪਾਸਵਾਨ ਦੇ ਹਵਾਲੇ ਨਾਲ ਦੱਸਿਆ ਕਿ ਲੋਕ ਜਨਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਅੰਦਰ ਆਗਾਮੀ ਵਿਧਾਨ ਸਭਾ ਦੀਆਂ 117 ਸੀਟਾਂ ਉੱਤੇ ਆਪਣੇ ਹਰੇਕ ਵਰਗ ਨਾਲ ਸਬੰਧਤ ਪ੍ਰਭਾਵਸ਼ਾਲੀ ਉਮੀਦਵਾਰਾਂ ਨੂੰ ਚੋਣ ਅਖਾੜੇ ਵਿਚ ਉਤਾਰ ਕੇ ਚੋਣਾਂ ਲੜਨ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿਗੜ ਚੁੱਕੇ ਮਾਹੌਲ ਨੂੰ ਸਾਫ-ਸੁਥਰਾ ਬਣਾ ਕੇ ਰੱਖ ਸਕੀਏ।