ਐੱਲਪੀਯੂ ਦੇ ਬਾਹਰ ਫਿਰ ਪਰਤੀ ਰੌਣਕ ਐਲਪੀਯੂ ਦੇ ਬਾਹਰ ਫਿਰ ਪਰਤੀ ਰੌਣਕ
Publish Date: Sun, 25 Oct 2026 08:49 PM (IST)
Updated Date: Sun, 25 Oct 2026 08:52 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਕੁਝ ਦਿਨ ਪਹਿਲਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਬਾਹਰ ਤੇ ਅੰਦਰ ਭਾਰੀ ਹੰਗਾਮੇ ਤੋਂ ਬਾਅਦ ਯੂਨੀਵਰਸਿਟੀ ਵਿੱਚ ਬੱਚਿਆਂ ਦੀਆਂ ਕਲਾਸਾਂ ਕੁਝ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਬਹੁਤ ਸਾਰੇ ਵਿਦਿਆਰਥੀ ਆਪੋ -ਆਪਣੇ ਘਰਾਂ ਨੂੰ ਚਲੇ ਗਏ ਸਨ ਤੇ ਹੁਣ ਵਿਦਿਆਰਥੀਆਂ ਦੇ ਹੌਲੀ-ਹੌਲੀ ਵਾਪਸ ਪਰਤਣ ਨਾਲ ਐੱਲਪੀਯੂ ਦੇ ਬਾਹਰ ਇਕ ਵਾਰ ਫਿਰ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਘਰਾਂ ਨੂੰ ਪਰਤੇ ਵਿਦਿਆਰਥੀਆਂ ਦੇ ਮੁੜ ਆਉਣ ਨਾਲ ਯੂਨੀਵਰਸਿਟੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰੌਣਕ ਵਧਣ ਲੱਗੀ ਹੈ। ਪਿਛਲੇ ਦਿਨਾਂ ਦੌਰਾਨ ਸੁੰਨੀਆਂ ਪਈਆਂ ਸੜਕਾਂ ’ਤੇ ਮੁੜ ਸੈਂਕੜੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਚਹੇੜੂ, ਲਾਅ ਗੇਟ ਮਹੇੜੂ ਤੇ ਹਰਦਾਸਪੁਰ ਆਦਿ ਪਿੰਡਾਂ ਦੇ ਇਲਾਕਿਆਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਨਾਲ ਮੁੜ ਰੌਣਕ ਦਿਖਾਈ ਦੇਣ ਲੱਗੀ ਹੈ। ਐੱਲਪੀਯੂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਨਾਲ ਦੁਕਾਨਦਾਰਾਂ ਤੇ ਹੋਰ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਮੁੜ ਰੌਣਕ ਵਧਣ ਦੀ ਉਮੀਦ ਹੈ। ਵਿਦਿਆਰਥੀਆਂ ਦੀ ਵੱਡੀ ਗਿਣਤੀ ਕਾਰਨ ਇਨ੍ਹਾਂ ਇਲਾਕਿਆਂ ਦੀ ਆਰਥਿਕ ਸਰਗਰਮੀ ਵੀ ਕਾਫ਼ੀ ਹੱਦ ਤੱਕ ਵਿਦਿਆਰਥੀਆਂ ਦੀ ਆਵਾਜਾਈ ਨਾਲ ਜੁੜੀ ਹੋਈ ਹੈ। ਦੂਜੇ ਪਾਸੇ, ਇਲਾਕੇ ਵਿੱਚ ਮੁੜ ਵਧੀ ਆਵਾਜਾਈ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਆਸ-ਪਾਸ ਦੇ ਇਲਾਕਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਪ੍ਰਬੰਧਾਂ ਤੇ ਆਵਾਜਾਈ ਦੀ ਸਥਿਤੀ ’ਤੇ ਨਿਗਰਾਨੀ ਰੱਖਣਾ ਅਹਿਮ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ ਤੇ ਲੋਕਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰਹੇ। ਫਿਲਹਾਲ ਵਿਦਿਆਰਥੀਆਂ ਦੀ ਵਾਪਸੀ ਨਾਲ ਚਹੇੜੂ, ਲਾਅ ਗੇਟ ਮਹੇੜੂ ਤੇ ਹਰਦਾਸਪੁਰ ਇਲਾਕਿਆਂ ਵਿੱਚ ਮੁੜ ਰੌਣਕ ਪਰਤਦੀ ਨਜ਼ਰ ਆ ਰਹੀ ਹੈ, ਜਦਕਿ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਦੀ ਚੌਕਸੀ ਵੀ ਮਹੱਤਵਪੂਰਨ ਬਣੀ ਹੋਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਜਿੱਥੇ ਕਿ ਬਹੁਤ ਸਾਰੇ ਵਿਦਿਆਰਥੀ ਵਾਪਸ ਆ ਚੁੱਕੇ ਹਨ, ਉੱਥੇ ਬਹੁਤਿਆਂ ਦਾ ਵਾਪਸ ਆਉਣਾ ਅਜੇ ਬਾਕੀ ਵੀ ਦੱਸਿਆ ਜਾ ਰਿਹਾ ਹੈ ਤੇ ਕਾਫੀ ਵਿਦਿਆਰਥੀ ਜੋ ਬਾਹਰ ਪੀਜੀਆਂ ਵਿੱਚ ਰਹਿੰਦੇ ਸਨ, ਉਹ ਪਹਿਲਾਂ ਤੋਂ ਹੀ ਇੱਥੇ ਸਨ ਤੇ ਆਪਣੇ ਘਰਾਂ ਨੂੰ ਨਹੀਂ ਗਏ ਸਨ ਪਰ ਵਿਦਿਆਰਥੀਆਂ ਦੇ ਵਾਪਸ ਪਰਤਣ ਨਾਲ ਵਧੇਰੇ ਖੁਸ਼ੀ ਇਲਾਕੇ ਦੇ ਦੁਕਾਨਦਾਰਾਂ ਤੇ ਆਟੋ ਚਾਲਕਾਂ ਦੇ ਚਿਹਰਿਆਂ ’ਤੇ ਦੇਖਣ ਨੂੰ ਮਿਲ ਰਹੀ ਹੈ, ਜਿਨ੍ਹਾਂ ਦਾ ਵਿਦਿਆਰਥੀਆਂ ਦੇ ਚਲੇ ਜਾਣ ਕਾਰਨ ਕੰਮ ਕਾਜ ਠੱਪ ਹੋ ਗਿਆ ਸੀ।