ਵਿਸ਼ਕਰਮਾ ਦਿਵਸ ਮੌਕੇ ਮੰਦਿਰ ਲਾਗੇ ਖੁੱਲ੍ਹੇ ਰਹੇ ਠੇਕੇ ਤੇ ਅਹਾਤੇ ਵਿਸ਼ਕਰਮਾ ਦਿਵਸ ਮੌਕੇ ਫਗਵਾੜਾ ਮੰਦਰ ਲਾਗੇ ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ ਅਤੇ ਅਹਾਤੇ
Publish Date: Mon, 09 Nov 2026 07:11 PM (IST)
Updated Date: Mon, 09 Nov 2026 07:14 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ: ਵਿਸ਼ਵਕਰਮਾ ਦਿਵਸ ਮੌਕੇ ਜਿੱਥੇ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਗਏ ਤੇ ਸੰਗਤਾਂ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ-ਅਰਚਨਾ ਕਰਕੇ ਸ਼ਰਧਾ ਨਾਲ ਇਹ ਪਵਿੱਤਰ ਦਿਹਾੜਾ ਮਨਾਇਆ ਗਿਆ, ਉੱਥੇ ਹੀ ਫਗਵਾੜਾ ਉਕਤ ਮੰਦਰ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਤੇ ਅਹਾਤੇ ਖੁੱਲ੍ਹੇ ਰਹਿਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ’ਤੇ ਵੱਖ-ਵੱਖ ਧਾਰਮਿਕ ਰਹਿਬਰਾਂ ਦੇ ਜਨਮ ਦਿਹਾੜਿਆਂ, ਸ਼ਹੀਦੀ ਦਿਹਾੜਿਆਂ ਤੇ ਹੋਰ ਮਹੱਤਵਪੂਰਨ ਧਾਰਮਿਕ ਮੌਕਿਆਂ ’ਤੇ ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕੇ ਅਤੇ ਅਹਾਤੇ ਬੰਦ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਕਈ ਮੌਕਿਆਂ ’ਤੇ ਇਸ ਸਬੰਧੀ ਬਕਾਇਦਾ ਮੰਗ ਵੀ ਉਠਾਈ ਜਾਂਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਵਿਸ਼ਵਕਰਮਾ ਦਿਵਸ ਵੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਣ ਵਾਲਾ ਮਹੱਤਵਪੂਰਨ ਧਾਰਮਿਕ ਦਿਹਾੜਾ ਹੈ ਤਾਂ ਫਗਵਾੜਾ ਵਿੱਚ ਮੰਦਿਰ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਤੇ ਅਹਾਤੇ ਖੁੱਲ੍ਹੇ ਰਹਿਣ ਦੇ ਮਾਮਲੇ ’ਤੇ ਮੰਦਰ ਪ੍ਰਬੰਧਕਾਂ ਜਾਂ ਸਬੰਧਤ ਧਾਰਮਿਕ ਜਥੇਬੰਦੀਆਂ ਵੱਲੋਂ ਆਵਾਜ਼ ਕਿਉਂ ਨਹੀਂ ਉਠਾਈ ਗਈ? ਇਹ ਮਾਮਲਾ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸਬੰਧੀ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਧਾਰਮਿਕ ਦਿਹਾੜਿਆਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਧਾਰਮਿਕ ਮੌਕਿਆਂ ’ਤੇ ਇਕਸਾਰ ਨੀਤੀ ਅਪਣਾਈ ਜਾਣੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਮੰਦਿਰ ਪ੍ਰਬੰਧਕ ਇਸ ਮਾਮਲੇ ’ਤੇ ਕੀ ਪ੍ਰਤੀਕਿਰਿਆ ਦਿੰਦੇ ਹਨ ਤੇ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਅਜਿਹੇ ਧਾਰਮਿਕ ਮੌਕਿਆਂ ਨੂੰ ਲੈ ਕੇ ਕੀ ਕਦਮ ਚੁੱਕੇ ਜਾਂਦੇ ਹਨ।