ਫਗਵਾੜਾ ਪ੍ਰਾਈਡ ਨੇ ‘ਸੈਂਟਰਲ ਸਿਟੀ’ ਦਾ ਦਰਜਾ ਦਿਵਾਉਣ ਲਈ ਦਿੱਤਾ ਮੰਗ ਪੱਤਰ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਨੇ ਸ਼ਹਿਰ ਨੂੰ ‘ਸੈਂਟਰਲ ਸਿਟੀ’ ਦਾ ਦਰਜਾ ਦਿਵਾਉਣ ਲਈ ਡਾ. ਚੱਬੇਵਾਲ ਨੂੰ ਦਿੱਤਾ ਮੰਗ ਪੱਤਰ
Publish Date: Tue, 17 Nov 2026 06:26 PM (IST)
Updated Date: Tue, 17 Nov 2026 06:27 PM (IST)
ਲਾਇਨਜ਼ ਕਲੱਬ ਨੇ ਡਾ. ਚੱਬੇਵਾਲ ਨਾਲ ਕੀਤੀ ਮੁਲਾਕਾਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਦਿਲ ਵਜੋਂ ਜਾਣੇ ਜਾਂਦੇ ਫਗਵਾੜਾ ਸ਼ਹਿਰ ਨੂੰ ‘ਸੈਂਟਰਲ ਸਿਟੀ’ ਵਜੋਂ ਵਿਸ਼ੇਸ਼ ਪਛਾਣ ਦਿਵਾਉਣ ਦੀ ਦਿਸ਼ਾ ਵਿੱਚ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵੱਲੋਂ ਇੱਕ ਅਹਿਮ ਪਹਿਲ ਕੀਤੀ ਗਈ ਹੈ। ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਤੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ (ਐੱਮਜੇਐੱਫ) ਤੇ ਵਾਈਸ ਪ੍ਰਧਾਨ ਲਾਇਨ ਸਤਵਿੰਦਰ ਸਿੰਘ ਜਸਵਾਲ ਨੇ ਸਾਂਝੇ ਤੌਰ ’ਤੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਹੈ। ਲਾਇਨ ਕੰਗ ਤੇ ਲਾਇਨ ਜਸਵਾਲ ਅਨੁਸਾਰ ਮੰਗ ਪੱਤਰ ਰਾਹੀਂ ਦਿੱਤੇ ਵਿਸਤ੍ਰਿਤ ਪ੍ਰਸਤਾਵ ਦੀ ਫਾਈਲ ਡਾ. ਰਾਜ ਦੇ ਨਿੱਜੀ ਸਹਾਇਕ ਕੋਲ ਅਗਲੀ ਕਾਰਵਾਈ ਲਈ ਮੌਜੂਦ ਹੈ। ਲਾਇਨ ਗੁਰਦੀਪ ਸਿੰਘ ਕੰਗ ਅਨੁਸਾਰ ਇਸ ਪ੍ਰਸਤਾਵ ਦਾ ਮੁੱਖ ਉਦੇਸ਼ ਫਗਵਾੜਾ ਨੂੰ ‘ਸੈਂਟਰਲ ਸਿਟੀ’ ਦਾ ਦਰਜਾ ਦਿਵਾਉਣਾ ਤੇ ਨੈਸ਼ਨਲ ਹਾਈ-ਵੇ ਨੰਬਰ 44 ’ਤੇ ਸ਼ਹਿਰ ਦੇ ਪ੍ਰਵੇਸ਼ ਦੁਆਰ ਵਿਖੇ ਰੌਸ਼ਨੀ ਵਾਲਾ ਸੂਚਨਾ ਬੋਰਡ ਲਗਾ ਕੇ ਵਿਸ਼ੇਸ਼ ਨਾਅਰੇ ਰਾਹੀਂ ਫਗਵਾੜਾ ਦੀ ਪਛਾਣ ਨੂੰ ਉਭਾਰਨਾ ਹੈ। ਪ੍ਰਸਤਾਵ ਅਨੁਸਾਰ ਰਾਸ਼ਟਰੀ ਰਾਜਮਾਰਗ ਦੇ ਦੋਵੇਂ ਪਾਸੇ ਫਗਵਾੜਾ ਦੇ ਪ੍ਰਵੇਸ਼ ਦੁਆਰ ’ਤੇ ਪਹਿਲਾਂ ਹੀ ਬੋਰਡ ਲੱਗੇ ਹੋਏ ਹਨ। ਹੁਣ ਇਨ੍ਹਾਂ ਦੇ ਨਾਲ ਸਿਰਫ਼ ਇੱਕ ਰੌਸ਼ਨੀ ਵਾਲਾ ਸੂਚਨਾ ਬੋਰਡ, ਵਿਸ਼ੇਸ਼ ਨਾਅਰਾ ਤੇ ਸ਼ਹਿਰ ਦਾ ਨਕਸ਼ਾ ਲਗਾਉਣ ਦੀ ਤਜਵੀਜ਼ ਹੈ, ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਫਗਵਾੜਾ ਦੀ ਵੱਖਰੀ ਪਛਾਣ ਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਦੱਸਿਆ ਕਿ ਡਾ. ਚੱਬੇਵਾਲ ਵੱਲੋਂ ਵੀ ਇਸ ਪ੍ਰਸਤਾਵ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ। ਲਾਇਨ ਗੁਰਦੀਪ ਕੰਗ ਤੇ ਲਾਇਨ ਸਤਵਿੰਦਰ ਸਿੰਘ ਜਸਵਾਲ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਜਨਹਿਤ ਵਿੱਚ ਹੈ, ਇਸ ਦਾ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਫਗਵਾੜਾ ਪੰਜਾਬ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਇੱਕ ਮਹੱਤਵਪੂਰਨ ਸ਼ਹਿਰ ਹੈ ਤੇ ਇਸ ਦੀ ਭੂਗੋਲਿਕ ਸਥਿਤੀ ਨੂੰ ਦੇਖਦਿਆਂ ਇਸ ਨੂੰ ‘ਕੇਂਦਰੀ ਸ਼ਹਿਰ’ ਵਜੋਂ ਪਛਾਣ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਫਗਵਾੜਾ ਦੀ ਪਛਾਣ ਨੂੰ ਹੋਰ ਉਭਾਰਨਾ, ਸ਼ਹਿਰ ਦੀ ਵਿਲੱਖਣ ਸਥਿਤੀ ਨੂੰ ਲੋਕਾਂ ਸਾਹਮਣੇ ਲਿਆਉਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਹਿਰ ਦੀ ਇੱਕ ਵਿਸ਼ੇਸ਼ ਪਛਾਣ ਸਥਾਪਤ ਕਰਨਾ ਹੈ।