ਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਨੇ ਪੌਦਿਆਂ ਦਾ ਲੰਗਰ ਲਾਇਆ ਲਾਇਨਜ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਨੇ ਕੱਪੜੇ ਦੇ ਬੈਗ ਤੇ ਪੌਦਿਆਂ ਦਾ ਲੰਗਰ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ
Publish Date: Sat, 22 Aug 2026 09:53 PM (IST)
Updated Date: Sat, 22 Aug 2026 09:54 PM (IST)
--ਪਲਾਸਟਿਕ ਨੂੰ ‘ਨਾਂਹ’ ਕਹਿਣ ਤੇ ਹਰਿਆਵਲ ਵਧਾਉਣ ਦਾ ਸੱਦਾ --ਟਰੈਫਿਕ ਪੁਲਿਸ ਨੇ ਵੀ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਕੀਤਾ ਜਾਗਰੂਕ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਨ ਸੰਭਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਕਚਹਿਰੀ ਚੌਂਕ ਵਿਖੇ ਖਾਲਸਾ ਬੇਕਰੀ ਦੇ ਸਾਹਮਣੇ ਸਥਿਤ ਸ਼ਿਵ ਮੰਦਿਰ ਦੇ ਬਾਹਰ ਕੱਪੜੇ ਦੇ ਬੈਗ ਤੇ ਪੌਦਿਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਲਾਇਨ ਅਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸੇਵਾ ਕਾਰਜ ਦੌਰਾਨ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਤੋਂ ਤੌਬਾ ਕਰਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਰੀਬ 300 ਕੱਪੜੇ ਦੇ ਬੈਗ ਤੇ ਪੌਦੇ ਲੋਕਾਂ ਨੂੰ ਮੁਫ਼ਤ ਵੰਡੇ ਗਏ। ਲੋਕਾਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਵਾਤਾਵਰਨ ਸੰਭਾਲ ਲਈ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਕਲਪ ਲਿਆ। ਕਲੱਬ ਦੇ ਪ੍ਰਧਾਨ ਲਾਇਨ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਪਲਾਸਟਿਕ ਦੀ ਬੇਤਹਾਸ਼ਾ ਵਰਤੋਂ ਅੱਜ ਵਾਤਾਵਰਨ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਪਲਾਸਟਿਕ ਦੇ ਲਿਫ਼ਾਫਿਆਂ ਦੀ ਥਾਂ ਕੱਪੜੇ ਦੇ ਬੈਗ ਦੀ ਵਰਤੋਂ ਕਰੇ ਤੇ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਦੀ ਜ਼ਿੰਮੇਵਾਰੀ ਨਿਭਾਏ ਤਾਂ ਵਾਤਾਵਰਨ ਦੀ ਸੁਰੱਖਿਆ ਵੱਲ ਵੱਡਾ ਕਦਮ ਹੋਵੇਗਾ। ਸਮਾਗਮ ਵਿੱਚ ਲਾਇਨ ਸੁਰਜੀਤ ਸਿੰਘ ਚੰਦੀ ਨੇ ਦੱਸਿਆ ਕਿ ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਰਿਫਲੈਕਟਰ ਲਗਾਉਣ ਤੇ ਸਕੂਲਾਂ ਵਿੱਚ ਟਰੈਫਿਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਸਮਾਗਮ ਦੇ ਮੁੱਖ ਮਹਿਮਾਨ ਪੀਜੀਡੀ ਲਾਇਨ ਸਵਰਨ ਸਿੰਘ ਖਾਲਸਾ ਨੇ ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਤੇ ਜਾਗਰੂਕਤਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਸਿਰਫ਼ ਸੇਵਾ ਦਾ ਸੰਦੇਸ਼ ਨਹੀਂ ਦਿੰਦੇ, ਬਲਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲਈ ਵੀ ਪ੍ਰੇਰਿਤ ਕਰਦੇ ਹਨ। ਇਸ ਮੌਕੇ ਲਾਇਨ ਕੁਲਦੀਪ ਸਿੰਘ, ਲਾਇਨ ਪ੍ਰਸ਼ਾਂਤ ਸ਼ਰਮਾ, ਲਾਇਨ ਹਰਨੇਕ ਸਿੰਘ ਢੋਟ, ਲਾਇਨ ਸੁਰਜੀਤ ਸਿੰਘ ਚੰਦੀ, ਲਾਇਨ ਸਰਵਣ ਸਿੰਘ, ਲਾਇਨ ਹਰਨੇਕ ਸਿੰਘ, ਲਾਇਨ ਸਰਪੰਚ ਸੁਰਜੀਤ ਸਿੰਘ ਰਤਨਪਾਲ, ਲਾਇਨ ਭੁਪਿੰਦਰ ਸਿੰਘ ਸਮੇਤ ਕਲੱਬ ਦੇ ਮੈਂਬਰ ਤੇ ਟਰੈਫਿਕ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ। --ਟਰੈਫਿਕ ਪੁਲਿਸ ਨੇ ਵੀ ਦਿੱਤਾ ਸੜਕ ਸੁਰੱਖਿਆ ਦਾ ਸੁਨੇਹਾ ਸਮਾਗਮ ਦੌਰਾਨ ਟਰੈਫਿਕ ਪੁਲਿਸ ਡੀਐੱਸਪੀ ਹਰਪ੍ਰੀਤ ਸਿੰਘ ਤੇ ਟਰੈਫਿਕ ਇੰਚਾਰਜ ਸਬ-ਇੰਸਪੈਕਟਰ ਰੇਸ਼ਮ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ, ਕਾਰ ਵਿੱਚ ਸੀਟ ਬੈਲਟ ਲਗਾਉਣ ਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੜਕ ’ਤੇ ਥੋੜ੍ਹੀ ਜਿਹੀ ਲਾਪਰਵਾਹੀ ਵੀ ਕਿਸੇ ਪਰਿਵਾਰ ਲਈ ਵੱਡਾ ਦੁੱਖ ਬਣ ਸਕਦੀ ਹੈ। ਇਸ ਲਈ ਹਰ ਵਾਹਨ ਚਾਲਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਪੁਲਿਸ ਦਾ ਡਰ ਨਹੀਂ, ਸਗੋਂ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਪ੍ਰਤੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ।