- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਵਾਂਗ ਪੰਜਾਬ ਦੀ ਹਵਾ ਵੀ ਹੋਈ ਜ਼ਹਿਰੀਲੀ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਬੀਤੇ ਸਾਲਾਂ ਦਾ ਰੁਝਾਨ ਦੇਖੀਏ ਤਾਂ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਉਲਟਫੇਰ ਹੋਏ ਹਨ, ਜਿਵੇਂ ਪੰਜਾਬ ਦੀ ਸੱਤਾ ’ਤੇ ਆਮ ਆਦਮੀ ਪਾਰਟੀ ਕਾਬਜ਼ ਹੈ। ਉਸੇ ਤਰ੍ਹਾਂ ਪੰਜਾਬ ਦੀ ਹਵਾ ਵੀ ਦਿੱਲੀ ਵਾਂਗ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਹਵਾ ਵਿਚ ਸਾਹ ਲੈਣ ਨਾਲ ਸਾਹ ਦੀਆਂ ਬਿਮਾਰੀਆਂ ਤਾਂ ਹੋਣਗੀਆਂ ਹੀ ਨਾਲ ਲੱਗਦੇ ਸਰੀਰ ਨੂੰ ਹੋਰ ਵੀ ਘਾਤਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਇਸ ਸਮੇਂ ਜ਼ਿਲ੍ਹਾ ਕਪੂਰਥਲਾ ਵਿੱਚ 152 ਤੋਂ 168 ਏਕਿਊਆਈ ਏਅਰ ਕੁਆਲਿਟੀ ਇੰਡੈਕਸ ਚੱਲ ਰਿਹਾ ਹੈ, ਜੋ ਕਿ ਖ਼ਤਰਨਾਕ ਪੱਧਰ ਤੋਂ ਬਹੁਤ ਉੱਪਰ ਜਾ ਚੁੱਕਾ ਹੈ। ਜੇਕਰ ਆਉਣ ਵਾਲੇ ਸਮੇਂ ਵੱਲ ਝਾਤ ਮਾਰੀਏ ਤਾਂ 25 ਨਵੰਬਰ ਤੱਕ ਵਾਤਾਵਰਣ ਹੋਰ ਜ਼ਿਆਦਾ ਪ੍ਰਦੂਸ਼ਿਤ ਹੋ ਜਾਵੇਗਾ, ਜਿਸ ਦਾ ਏਕਿਉਆਈ ਲੈਵਲ 200 ਦੇ ਆਸਪਾਸ ਹੋ ਜਾਵੇਗਾ। ਜਿੱਥੇ ਇਕ ਪਾਸੇ ਪਰਾਲੀ ਨੂੰ ਅੱਗ ਲਗਾਉਣਾ ਤੇ ਵਾਹਨਾਂ ਦੇ ਧੂੰਏਂ, ਪਟਾਕਿਆਂ ਦਾ ਧੂੰਆਂ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹ ਆਪਣੀ ਪਿੱਠ ਥਪਥਪਾ ਰਹੀ ਹੈ ਕਿ ਪੰਜਾਬ ਅੰਦਰ ਇਸ ਵਾਰ ਪਰਾਲੀ ਨੂੰ ਬਹੁਤ ਘੱਟ ਅੱਗ ਲਗਾਈ ਗਈ ਹੈ। ਕਿਸਾਨ ਜਾਗਰੂਕ ਹੋ ਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਲੱਗੇ ਹਨ ਪਰ ਜੇਕਰ ਵਾਤਾਵਰਨ ਵੱਲ ਨਿਗਾਹ ਮਾਰੀਏ ਤਾਂ ਵਾਤਾਵਰਨ ਵਿੱਚ ਫੈਲਿਆ ਪ੍ਰਦੂਸ਼ਣ ਕਿਤੇ ਨਾ ਕਿਤੇ ਪਰਾਲੀ ਨੂੰ ਅੱਗ ਲਾਉਣਾ ਵੀ ਇੱਕ ਵੱਡਾ ਮੁੱਖ ਕਾਰਨ ਹੋ ਸਕਦਾ ਹੈ। ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਹੀ ਜ਼ਬਤ ਕੀਤਾ ਹੈ, ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ, ਉਨ੍ਹਾਂ ਨੂੰ ਇਸ ਸੰਬੰਧੀ ਜ਼ਰੂਰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੇ ਗਲ ਘੋਟੂ ਵਾਤਾਵਰਣ ਤੋਂ ਬਚਿਆ ਜਾ ਸਕੇ। ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਨਾਲ ਸਰੀਰ ’ਤੇ ਪੈਣ ਵਾਲੇ ਅਸਰਾਂ ਬਾਰੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਦੇ ਵਿਚਾਰ।
ਅੱਖਾਂ ’ਤੇ ਹੋਵੇਗਾ ਘਾਤਕ ਅਸਰ
ਇਸ ਸੰਬੰਧੀ ਜਦੋਂ ਡਾ. ਜਤਿੰਦਰ ਸਿੰਘ ਪਰਹਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਫੈਲਿਆ ਪ੍ਰਦੂਸ਼ਣ ਅੱਖਾਂ ਲਈ ਬਹੁਤ ਹੀ ਘਾਤਕ ਸਾਬਿਤ ਹੋ ਰਿਹਾ ਹੈ। ਅੱਖਾਂ ਵਿੱਚ ਡ੍ਰਾਈਨੈੱਸ, ਸੋਜ਼ਿਸ਼, ਐਲਰਜੀ, ਅੱਖਾਂ ਦਾ ਲਾਲ ਹੋਣਾ, ਜਲਣਾ ਆਦਿ ਨਾਲ ਬਹੁਤੇ ਮਰੀਜ਼ ਅੱਖਾਂ ਦੀ ਬਿਮਾਰੀਆਂ ਨਾਲ ਜੂਝਣ ਲੱਗੇ ਹਨ। ਇਸ ਤੋਂ ਬਚਣ ਲਈ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਅੱਖਾਂ ’ਤੇ ਕਾਲੇ ਚਸ਼ਮੇ ਲਗਾਕੇ ਹੀ ਨਿਕਲੋ। ਡਾ. ਪਰਹਾਰ ਨੇ ਕਿਹਾ ਕਿ ਅੱਖਾਂ ਸਭ ਤੋਂ ਸਰੀਰ ਦਾ ਨਾਜ਼ੁਕ ਅੰਗ ਹੈ। ਇਸ ਮੌਕੇ ਵਾਤਾਵਰਨ ਵਿੱਚ ਫੈਲਿਆ ਪ੍ਰਦੂਸ਼ਣ ਅੱਖਾਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ। ਜੇਕਰ ਅੱਖਾਂ ਵਿੱਚ ਕੋਈ ਵੀ ਸਮੱਸਿਆ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਤੁਰੰਤ ਅੱਖਾਂ ’ਤੇ ਸਾਫ ਪਾਣੀ ਦੇ ਛਿੱਟੇ ਮਾਰੋ ਤੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ ਤਾਂ ਜੋ ਅੱਖਾਂ ਦੀ ਬਿਮਾਰੀ ਤੋਂ ਬਚਿਆ ਜਾ ਸਕੇ।
ਬੱਚਿਆਂ ਲਈ ਖਤਰਨਾਕ ਹੈ ਪ੍ਰਦੁਸ਼ਿਤ ਵਾਤਾਵਰਣ
ਡਾ. ਵੀਰ ਸਿੰਘ ਬਸਰਾ ਨੇ ਦੱਸਿਆ ਕਿ ਵਾਤਾਵਰਨ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਛਾਤੀ ਦੀਆਂ ਬਿਮਾਰੀਆਂ ਅਸਥਮਾ, ਸਾਹ ਲੈਣ ਵਿਚ ਤਕਲੀਫ, ਚਮੜੀ ਰੋਗ, ਅੱਖਾਂ ਦਾ ਰੋਗ ਆਦਿ ਬਹੁਤ ਸਾਰੀਆਂ ਬਿਮਾਰੀਆਂ ਬੱਚਿਆਂ ਨੂੰ ਹੋ ਰਹੀਆਂ ਹਨ। ਪੰਜਾਬ ਅੰਦਰ ਲਗਪਗ ਸਾਰੇ ਹੀ ਸਕੂਲ ਖੁੱਲ੍ਹੇ ਹੋਏ ਹਨ। ਅਜਿਹੇ ਸਮੇਂ ਵਿੱਚ ਬੱਚਿਆਂ ਦੀ ਸਾਂਭ-ਸੰਭਾਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਸਕੂਲ ਭੇਜਣ ਤੋਂ ਪਹਿਲਾਂ ਬੱਚਿਆਂ ਦੇ ਮਾਸਕ ਲਗਾਕੇ ਭੇਜਣਾ ਚਾਹੀਦਾ ਹੈ ਤੇ ਘਰ ਦਾ ਬਣਿਆ ਖਾਣਾ ਹੀ ਖਾਣ ਲਈ ਦੇਣਾ ਚਾਹੀਦਾ ਹੈ। ਬਾਹਰ ਖੁੱਲ੍ਹੇ ਵਿੱਚ ਕੋਈ ਵੀ ਸਮਾਨ ਖਰੀਦਕੇ ਨਹੀਂ ਖਾਣਾ ਚਾਹੀਦਾ ਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿੰਨਾ ਜ਼ਿਆਦਾ ਹੋ ਸਕੇ ਬੱਚਿਆਂ ਨੂੰ ਅੰਦਰ ਹੀ ਰੱਖਣਾ ਚਾਹੀਦਾ ਹੈ। ਪੀਣ ਲਈ ਪਾਣੀ ਜ਼ਿਆਦਾ ਦੇਣਾ ਚਾਹੀਦਾ ਹੈ ਤੇ ਤਾਜ਼ਾ ਫਲ-ਸਲਾਦ ਬੱਚਿਆਂ ਨੂੰ ਖਿਲਾਉਣਾ ਚਾਹੀਦਾ ਹੈ। ਜੇਕਰ ਫੇਰ ਵੀ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੋਵੇ ਤਾਂ ਤੁਰੰਤ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਵਾਤਾਵਰਣ ਨੂੰ ਬਚਾਉਣਾ ਸਭਦਾ ਫਰਜ਼
ਡਾ. ਰਮਨ ਵਾਜਪਾਈ ਰਮਨ ਕਲੀਨਿਕ ਫਗਵਾੜਾ ਨੇ ਕਿਹਾ ਕਿ ਵਾਤਾਵਰਣ ਦੀ ਹਵਾ ਪੂਰੀ ਤਰ੍ਹਾਂ ਜ਼ਹਿਰੀਲੀ ਹੋ ਚੁੱਕੀ ਹੈ। ਕਿਸਾਨ ਵੀਰਾਂ ਨੂੰ ਇਸ ਸਮੱਸਿਆ ਨੂੰ ਸੰਜ਼ੀਦਗੀ ਨਾਲ ਸਮਝਣਾ ਚਾਹੀਦਾ ਹੈ ਕਿ ਇਸ ਵਾਤਾਵਰਨ ਵਿੱਚ ਸਿਰਫ਼ ਆਮ ਲੋਕ ਹੀ ਨਹੀਂ ਕਿਸਾਨਾਂ ਦੇ ਪਰਿਵਾਰ ਵੀ ਸਾਹ ਲੈਂਦੇ ਹਨ ਤੇ ਪਰਿਵਾਰ ਸਾਰਿਆਂ ਦੇ ਸਾਂਝੇ ਹਨ। ਇਸ ਲਈ ਸਾਰਿਆਂ ਦੇ ਪਰਿਵਾਰਾਂ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਨੂੰ ਖ਼ਤਮ ਕਰਨਾ ਚਾਹੀਦਾ ਹੈ। ਇਸ ਗੰਧਲੀ ਹਵਾ ਕਾਰਨ ਸਿਰਫ਼ ਆਮ ਲੋਕ ਹੀ ਬਿਮਾਰ ਨਹੀ ਹੋ ਰਹੇ ਸਗੋਂ ਕਿਸਾਨਾਂ ਦੇ ਆਪਣੇ ਪਰਿਵਾਰ ਵੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲਦੇ ਸਮੇਂ ਮੂੰਹ ’ਤੇ ਮਾਸਕ ਲਗਾਕੇ ਰੱਖੋ ਤੇ ਘਰ ਵਾਪਸ ਪਰਤ ਕੇ ਗਰਮ ਪਾਣੀ ਜ਼ਰੂਰ ਪੀਓ। ਵਾਤਾਵਰਣ ਦੇ ਪ੍ਰਦੁਸ਼ਿਤ ਹੋਣ ਨਾਲ ਸਿਰਫ ਬਾਹਰ ਘੁੰਮਣ ਵਾਲਿਆਂ ਨੂੰ ਹੀ ਨਹੀ ਸਗੋਂ ਹਰ ਇਕ ਵਿਅਕਤੀ ਨੂੰ ਸਾਹ ਦੀ ਬਿਮਾਰੀ, ਦਿਲ ਦੇ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ। ਜੇਕਰ ਸਾਹ ਲੈਣ ਵਿੱਚ ਕੋਈ ਤਕਲੀਫ਼ ਹੁੰਦੀ ਹੋਵੇ ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ।