ਜ਼ਿੰਦਗੀਆਂ ਨਿਗਲ ਰਿਹਾ ਚਿੱਟੇ ਦਾ ਦੈਂਤ : ਵਾਲੀਆ ਸ਼ਾਂਤ ਵਹਿੰਦੇ ਦਰਿਆ ਵਾਂਗ ਜ਼ਿੰਦਗੀਆਂ ਨਿਗਲ ਰਿਹਾ ਚਿੱਟੇ ਦਾ ਦੈਂਤ-ਲਵਲੀ ਵਾਲੀਆ
Publish Date: Tue, 01 Sep 2026 07:45 PM (IST)
Updated Date: Tue, 01 Sep 2026 07:46 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਵਿੱਚ ਚਿੱਟੇ (ਹੈਰੋਇਨ/ਸਿੰਥੈਟਿਕ ਨਸ਼ੇ) ਦਾ ਕਹਿਰ ਇੱਕ ਸ਼ਾਂਤ ਵਹਿੰਦੇ ਦਰਿਆ ਵਾਂਗ ਹੈ, ਜੋ ਉੱਪਰੋਂ ਦੇਖਣ ਨੂੰ ਭਾਵੇਂ ਸ਼ਾਂਤ ਲੱਗਦਾ ਹੈ, ਪਰ ਅੰਦਰੋਂ-ਅੰਦਰ ਹਜ਼ਾਰਾਂ ਕੀਮਤੀ ਜ਼ਿੰਦਗੀਆਂ, ਹੱਸਦੇ-ਖੇਡਦੇ ਪਰਿਵਾਰ ਤੇ ਨੌਜਵਾਨੀ ਨੂੰ ਨਿਗਲ ਰਿਹਾ ਹੈ। ਇਹ ਇੱਕ ਅਜਿਹਾ ਭਿਆਨਕ ਦੈਂਤ ਬਣ ਚੁੱਕਾ ਹੈ ਜਿਸ ਨੇ ਪੰਜਾਬ ਦੀ ਉਪਜਾਊ ਧਰਤੀ ਤੇ ਇਸ ਦੇ ਭਵਿੱਖ ਨੂੰ ਗ੍ਰਹਿਣ ਲਗਾ ਦਿੱਤਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਲਵਲੀ ਵਾਲੀਆ ਨੇ ਕਿਹਾ ਚਿੱਟੇ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ ਨਾਲ ਕਈ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁੱਝ ਗਏ ਹਨ। ਨਸ਼ੇ ਦੀ ਲਤ ਪੂਰੀ ਕਰਨ ਲਈ ਨੌਜਵਾਨ ਘਰ ਦਾ ਸਾਮਾਨ, ਜ਼ਮੀਨਾਂ-ਜਾਇਦਾਦਾਂ ਤੱਕ ਵੇਚ ਦਿੰਦੇ ਹਨ, ਜਿਸ ਨਾਲ ਹੱਸਦੇ-ਵਸਦੇ ਪਰਿਵਾਰ ਸੜਕ ’ਤੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਖਾਤਰ ਨੌਜਵਾਨ ਚੋਰੀ, ਲੁੱਟ-ਖੋਹ ਤੇ ਮਾਰ-ਕੁਟਾਈ ਵਰਗੇ ਰਾਹਾਂ ’ਤੇ ਪੈ ਜਾਂਦੇ ਹਨ। ਨਸ਼ੇੜੀ ਵਿਅਕਤੀ ਦੇ ਨਾਲ-ਨਾਲ ਉਸ ਦੇ ਪੂਰੇ ਪਰਿਵਾਰ ਨੂੰ ਸਮਾਜ ਵਿੱਚ ਹੀਣ ਭਾਵਨਾ ਤੇ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲਵਲੀ ਵਾਲੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਲੰਮੇ ਸਮੇਂ ਤੋਂ ਸਮਾਜ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਤਾਂ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਪਰਿਵਾਰ ਦਾ ਇਕਲੌਤਾ ਪੁੱਤ ਹੀ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ। ਨਸ਼ੇ ਦੀ ਲਤ ਸਿਰਫ ਇਸ ਦੀ ਵਰਤੋਂ ਕਰਨ ਵਾਲੇ ਨੌਜਵਾਨ ਦੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਸਗੋਂ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਾਪੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਦੇ ਸੁਪਨੇ ਦੇਖਦੇ ਹਨ, ਉਹੀ ਬਾਅਦ ’ਚ ਉਸ ਨੂੰ ਨਸ਼ੇ ਤੋਂ ਬਚਾਉਣ ਲਈ ਦਰ-ਦਰ ਭਟਕਦੇ ਨਜ਼ਰ ਆਉਂਦੇ ਹਨ। ਲਵਲੀ ਵਾਲੀਆ ਦਾ ਕਹਿਣਾ ਹੈ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਇਲਾਜ, ਕੌਂਸਲਿੰਗ ਤੇ ਪਰਿਵਾਰਕ ਸਹਾਰੇ ਦੀ ਲੋੜ ਹੈ ਪਰ ਇਸ ਦੇ ਨਾਲ ਨਸ਼ਾ ਸਪਲਾਈ ਚੈਨ ਨੂੰ ਤੋੜਨਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਨਜਿੱਠਣ ਲਈ ਸਿਰਫ ਪੁਲਸ ਕਾਰਵਾਈ ਕਾਫੀ ਨਹੀਂ। ਪਰਿਵਾਰ, ਸਕੂਲ, ਸਮਾਜਿਕ ਸੰਸਥਾਵਾਂ, ਧਾਰਮਿਕ ਸੰਗਠਨ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਹੁਨਰ ਸਿਖਲਾਈ ਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨਾ ਵੀ ਇਸ ਲੜਾਈ ਦਾ ਅਹਿਮ ਹਿੱਸਾ ਹੈ।