ਲਾਈਟ ਫਾਰ ਲਾਈਵਜ਼ ਨੇ ਲਗਾਇਆ ਆਰਥੋਪੈਡਿਕ ਕੈਂਪ ਲੋੜਵੰਦ ਮਰੀਜ਼ਾਂ ਲਈ ਲਾਈਟ ਫਾਰ ਲਾਈਵਜ਼ ਨੇ ਲਗਾਇਆ ਆਰਥੋਪੈਡਿਕ ਕੈਂਪ
Publish Date: Thu, 24 Sep 2026 09:29 PM (IST)
Updated Date: Thu, 24 Sep 2026 09:30 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲਾਈਟ ਫਾਰ ਲਾਈਵਜ਼ ਵੱਲੋਂ ਸਥਾਨਕ ਗੀਤਾ ਭਵਨ ਮੰਦਰ, ਮਾਡਲ ਟਾਊਨ ਫਗਵਾੜਾ ਵਿਖੇ ਆਰਥੋਪੈਡਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਆਯੋਜਨ ਲਾਈਟ ਫਾਰ ਲਾਈਵਜ਼ ਦੀ ਪ੍ਰਧਾਨ, ਹਿਊਮਨ ਰਾਈਟਸ ਕੌਂਸਲ ਦੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਸਮਾਜ ਸੇਵਿਕਾ ਅਨੁ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਕੈਂਪ ਦੌਰਾਨ ਖਾਨ ਹਸਪਤਾਲ ਤੋਂ ਪਹੁੰਚੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 100 ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਮਰੀਜ਼ਾਂ ਦੀਆਂ ਹੱਡੀਆਂ, ਜੋੜਾਂ, ਕਮਰ, ਗੋਡਿਆਂ ਤੇ ਹੋਰ ਆਰਥੋਪੈਡਿਕ ਸਮੱਸਿਆਵਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਜਾਂਚ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਨੂੰ ਉਨ੍ਹਾਂ ਦੀ ਬਿਮਾਰੀ ਦੇ ਅਨੁਸਾਰ ਸਾਵਧਾਨੀਆਂ ਵਰਤਣ ਤੇ ਨਿਯਮਤ ਸਿਹਤ ਜਾਂਚ ਕਰਵਾਉਣ ਲਈ ਵੀ ਜਾਗਰੂਕ ਕੀਤਾ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ। ਮਰੀਜ਼ਾਂ ਨੇ ਲਾਈਟ ਫਾਰ ਲਾਈਵਜ਼ ਵੱਲੋਂ ਲਗਾਏ ਗਏ ਇਸ ਸਿਹਤ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਲੋਕਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦੇ ਹਨ। ਇਸ ਮੌਕੇ ਅਨੁ ਸ਼ਰਮਾ ਨੇ ਕਿਹਾ ਕਿ ਲਾਈਟ ਫਾਰ ਲਾਈਵਜ਼ ਦਾ ਉਦੇਸ਼ ਸਮਾਜ ਦੇ ਲੋੜਵੰਦ ਵਰਗ ਤੱਕ ਸਿਹਤ ਤੇ ਹੋਰ ਜਨਸੇਵਾ ਦੀਆਂ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਲੋਕਾਂ ਦੀ ਲੋੜ ਅਨੁਸਾਰ ਅਜਿਹੇ ਸਿਹਤ ਜਾਂਚ ਕੈਂਪ ਤੇ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ ਜਾਣਗੇ। ਉਨ੍ਹਾਂ ਨੇ ਕੈਂਪ ਨੂੰ ਸਫਲ ਬਣਾਉਣ ਲਈ ਖਾਨ ਹਸਪਤਾਲ ਦੀ ਡਾਕਟਰਾਂ ਦੀ ਟੀਮ ਅਤੇ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੈ ਸ਼ਰਮਾ, ਹਰਜੀਤ ਪਰਮਾਰ, ਕੁਸੁਮ, ਸਾਰਿਕਾ, ਮੀਨੂ ਗਰਗ, ਸੀਮਾ ਕਾਲਰਾ, ਕੁਮੁਦ ਸ਼ਰਮਾ ਆਦਿ ਵੀ ਹਾਜ਼ਰ ਸਨ।