ਲੈਫ. ਜਨ. ਕਾਬਥਿਆਲ ਨੇ ਸੈਨਿਕ ਸਕੂਲ ਦਾ ਕੀਤਾ ਨਿਰੀਖਣ ਲੈਫਟੀਨੈਂਟ ਜਨਰਲ ਅਮਿਤ ਕਾਬਥਿਆਲ ਨੇ ਸੈਨਿਕ ਸਕੂਲ ਕਪੂਰਥਲਾ ਦਾ ਨਿਰੀਖਣ ਕੀਤਾ
Publish Date: Mon, 03 Aug 2026 07:30 PM (IST)
Updated Date: Mon, 03 Aug 2026 07:31 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲੈਫਟੀਨੈਂਟ ਜਨਰਲ ਅਮਿਤ ਕਾਬਥਿਆਲ, ਵਾਈਐੱਸਐੱਮ, ਐੱਸਐੱਮ, ਜਨਰਲ ਆਫ਼ਿਸਰ ਕਮਾਂਡਿੰਗ (ਜੀਓਸੀ), 11 ਕੋਰ ਨੇ ਅੱਜ ਸੈਨਿਕ ਸਕੂਲ ਕਪੂਰਥਲਾ ਦਾ ਦੌਰਾ ਕੀਤਾ। ਨਿਰੀਖਣ ਦੌਰੇ ਦੀ ਸ਼ੁਰੂਆਤ ਜੀਓਸੀ ਵੱਲੋਂ ਸਕੂਲ ਕੈਂਪਸ ਵਿੱਚ ਸਥਿਤ ‘ਸਮ੍ਰਿਤੀ ਸਥਲ’ ’ਤੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕਰਨ ਨਾਲ ਹੋਈ। ਇਸ ਉਪਰੰਤ ਐੱਨਸੀਸੀ ਕੈਡਿਟਾਂ ਨੇ ਉਨ੍ਹਾਂ ਨੂੰ ਰਸਮੀ ‘ਗਾਰਡ ਆਫ਼ ਆਨਰ’ ਪੇਸ਼ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਸਕੂਲ ਬੈਂਡ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਜੀਓਸੀ ਨੇ ਕੈਡਿਟਾਂ ਦੀ ਸ਼ਾਨਦਾਰ ਡ੍ਰਿੱਲ ਤੇ ਬੈਂਡ ਦੀ ਕਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੇਨਨ ਨੇ ਜੀਓਸੀ ਨੂੰ ਸਕੂਲ ਦੇ ਪ੍ਰਸ਼ਾਸਨਿਕ ਕਾਰਜਾਂ, ਬੁਨਿਆਦੀ ਢਾਂਚੇ (ਇਨਫਰਾਸਟ੍ਰਕਚਰ) ਨਾਲ ਸਬੰਧਤ ਪ੍ਰੋਜੈਕਟਾਂ, ਐੱਨਡੀਏ ਦੀ ਤਿਆਰੀ ਤੇ ਸਮੁੱਚੀ ਉੱਤਮਤਾ ਹਾਸਲ ਕਰਨ ਦੇ ਉਦੇਸ਼ ਨਾਲ ਸਕੂਲ ਵੱਲੋਂ ਚਲਾਈਆਂ ਜਾ ਰਹੀਆਂ ਅਕਾਦਮਿਕ ਪਹਿਲਕਦਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਨਰਲ ਕਾਬਥਿਆਲ ਨੇ ਕੈਡਿਟਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਦੀ ਪੜ੍ਹਾਈ ਤੇ ਭਵਿੱਖ ਦੀਆਂ ਉਮੀਦਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕੈਡਿਟਾਂ ਦੇ ਉਤਸ਼ਾਹ ਤੇ ਜੋਸ਼ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਰਾਸ਼ਟਰੀ ਰੱਖਿਆ ਅਕੈਡਮੀ (ਐੱਨਡੀਏ) ਦੀ ਮਹੱਤਤਾ ਤੇ ਆਕਰਸ਼ਣ ਬਾਰੇ ਚਾਨਣਾ ਪਾਉਂਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਮਾਣਯੋਗ ਸੰਸਥਾ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਇਮਾਰਤ ਦਾ ਨਿਰੀਖਣ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਇਹ ਇਮਾਰਤ ਭਾਵੇਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਰੱਖਦੀ ਹੈ, ਪਰ ਸਮੇਂ ਦੇ ਨਾਲ ਇਸ ਦੀ ਹਾਲਤ ਮਾੜੀ ਹੋ ਗਈ ਹੈ। ਇਸ ਲਈ ਇਸ ਦੀ ਸੰਭਾਲ ਤੇ ਮੁੜ ਬਹਾਲੀ (ਰਿਸਟੋਰੇਸ਼ਨ) ਦੀ ਤੁਰੰਤ ਲੋੜ ਹੈ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਹੋਸਟਲਾਂ ਦਾ ਵੀ ਨਿਰੀਖਣ ਕੀਤਾ ਤੇ ਉੱਥੇ ਚੱਲ ਰਹੇ ਮੁਰੰਮਤ ਕਾਰਜਾਂ ਦੀ ਸਮੀਖਿਆ ਕੀਤੀ। ਜਨਰਲ ਕਾਬਥਿਆਲ ਨੇ ਸਕੂਲ ਕੈਂਪਸ ਦਾ ਵਿੰਡਸ਼ੀਲਡ ਟੂਰ ਵੀ ਕੀਤਾ ਤੇ ਕੈਡਿਟਾਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੇ ਸਿਖਲਾਈ ਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਮੌਕੇ ਜਨਰਲ ਕਾਬਥਿਆਲ ਦੇ ਨਾਲ 11 ਕੋਰ ਮੁੱਖ ਦਫ਼ਤਰ ਦੇ ਚੀਫ਼ ਆਫ਼ ਸਟਾਫ਼ (ਸੀਓਐੱਸ) ਅਤੇ ਸਥਾਨਕ ਬੋਰਡ ਆਫ਼ ਐਡਮਿਨਿਸਟ੍ਰੇਸ਼ਨ ਦੇ ਚੇਅਰਮੈਨ ਮੇਜਰ ਜਨਰਲ ਪੀਕੇ ਸਿੰਘ, ਐੱਸਐੱਮ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ (ਆਈਏਐੱਸ), 58 ਆਰਮਰਡ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਪੁਨਰਪ੍ਰੀਤ ਸਿੰਘ ਮਾਨ, ਵੀਐੱਸਐੱਮ, ਐੱਸਐੱਮ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।