ਯੂਰਪੀਅਨ ਦੇਸ਼ਾਂ ਵਾਂਗ ਭਾਰਤ-ਪਾਕਿ ਬਾਰਡਰ ਖੋਲ੍ਹਿਆ ਜਾਵੇ : ਸੰਤ ਸੀਚੇਵਾਲ ਸੰਤ ਸੀਚੇਵਾਲ ਵੱਲੋਂ ਸਿਲਕ ਰੂਟ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ
Publish Date: Tue, 03 Nov 2026 07:52 PM (IST)
Updated Date: Tue, 03 Nov 2026 07:53 PM (IST)
--ਸਿਲਕ ਰੂਟ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਅਮਰੀਕਾ-ਈਰਾਨ ਤੇ ਰੂਸ-ਯੂਕਰੇਨ ਜੰਗਾਂ ਕਾਰਨ ਕਈ ਮੁਲਕਾਂ ਦੀ ਆਰਥਿਕ ਵਿਵਸਥਾ ਡਗਮਗਾਈ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਏਸ਼ੀਆਈ ਤੇ ਯੂਰਪੀਅਨ ਦੇਸ਼ਾਂ ਨਾਲ ਵਾਪਰ ਕਰਨ ਲਈ ਸਿਲਕ ਰੂਟ ਬਹਾਲ ਕਰਵਾਇਆ ਜਾਵੇ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਅਮਰੀਕਾ-ਈਰਾਨ ਤੇ ਰੂਸ-ਯੂਕਰੇਨ ਜੰਗਾਂ ਕਾਰਨ ਦੁਨੀਆਂ ਭਰ ਦੇ ਮੁਲਕਾਂ ਦੀ ਅਰਥ ਵਿਵਸਥਾ ਡਾਵਾਂਡੋਲ ਹੁੰਦੀ ਜਾ ਰਹੀ ਹੈ। ਇਨ੍ਹਾਂ ਦੋਵੇਂ ਜੰਗਾਂ ਦੇ ਖਤਮ ਹੋਣ ਜਾਂ ਸ਼ਾਂਤੀ ਬਹਾਲ ਹੋਣ ਦੀਆਂ ਸੰਭਾਵਨਾਵਾਂ ਹਾਲ ਦੀ ਘੜੀ ਮੱਧਮ ਲੱਗ ਰਹੀਆਂ ਹਨ। ਇਸ ਜੰਗੀ ਮਾਹੌਲ ਦੇ ਚੱਲਦਿਆ ਇਸ ਦੇ ਬਦਲਵੇਂ ਪ੍ਰਬੰਧ ਲੱਭਣ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਨੂੰ ਸਿਲਕ ਰੂਟ ਚਾਲੂ ਹੋਣ ‘ਤੇ ਕਾਫ਼ੀ ਲਾਭ ਮਿਲੇਗਾ। ਸਿਲਕ ਰੂਟ ਦੀ ਬਹਾਲੀ ਦੇਸ਼ ਦੇ ਕਿਸਾਨਾਂ ਦੀਆਂ ਜਿਣਸਾਂ ਨੂੰ ਸਮੁੱਚੇ ਯੂਰਪ ਤੱਕ ਅਸਾਨੀ ਨਾਲ ਜਾ ਸਕਣਗੀਆਂ। ਯੂਰਪੀਅਨ ਯੂਨੀਅਨ ਨਾਲ ਦੇਸ਼ ਦਾ ਵਪਾਰਕ ਸਮਝੌਤਾ ਹੋਣ ਕਾਰਨ ਸਿਲਕ ਰੂਟ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਸੰਤ ਸੀਚੇਵਾਲ ਨੇ ਪੱਤਰ ਵਿੱਚ ਲਿਖਿਆ ਹੈ ਕਿ ਦੁਨੀਆਂ ਭਰ ਵਿੱਚ ਜੋ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਕਾਰਨ ਦੇਸ਼ਾਂ ਦੀਆਂ ਹੱਦਾਂ, ਸਰਹੱਦਾਂ ਦੇ ਲਾਂਘੇ ਬੰਦ ਕੀਤੇ ਜਾ ਰਹੇ ਹਨ। ਉਥੇ ਕੰਡਿਆਲੀਆਂ ਤਾਰਾਂ ਲਾਈਆਂ ਜਾ ਰਹੀਆਂ ਹਨ। ਜਦ ਕਿ ਸਮੁੱਚੇ ਯੂਰਪੀਅਨ ਦੇਸ਼ਾਂ ਨੇ ਆਪਸੀ ਸਾਂਝ ਵਧਾਉਂਦਿਆ ਆਪਣੀਆਂ ਹੱਦਾਂ-ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜਿਸ ਨਾਲ ਸਾਰੇ ਯੂਰਪ ਦੇ ਦੇਸ਼ ਬਿਨ੍ਹਾਂ ਕਿਸੇ ਰੋਕ-ਟੋਕ ਦੇ ਇੱਕ-ਦੂਜੇ ਨਾਲ ਸੌਖਿਆ ਹੀ ਵਪਾਰ ਕਰ ਰਹੇ ਹਨ। ਸਿਲਕ ਰੂਪ ਖੁੱਲ੍ਹਣ ਨਾਲ ਉਤਰੀ ਭਾਰਤ ਦੇ ਸੂਬਿਆਂ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਬੇਹੱਦ ਲਾਭ ਮਿਲੇਗਾ। ਵਾਹਗਾ ਸਰਹੱਦ ਖੁਲ੍ਹਣ ਨਾਲ ਕਿਸਾਨਾਂ ਦਾ ਆਲੂ ਸਿੱਧਾ ਲਾਹੌਰ ਤੇ ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ਵਿਕ ਸਕੇਗਾ। ਸਮੁੱਚੇ ਪੰਜਾਬ ਦੇ ਲੋਕਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਪਾਕਿਸਤਾਨ ਨਾਲ ਰਿਸ਼ਤੇ ਸੁਖਾਂਵੇ ਬਣਾਏ ਜਾਣ ਤੇ ਵਾਹਗਾ ਬਾਰਡਰ ਤੇ ਕਰਤਾਰਪੁਰ ਕੌਰੀਡੋਰ ਬਿਨ੍ਹਾਂ ਦੇਰੀ ਦੇ ਖੋਲ੍ਹਿਆ ਜਾਵੇ। ਸਾਡੇ ਰੀਤੀ-ਰਿਵਾਜ਼ ਤੇ ਸਭਿਆਚਾਰ ਸਾਂਝਾ ਹੈ ਤਾਂ ਦੋਹਾਂ ਦੇਸ਼ਾਂ ਦੇ ਬਸ਼ਿੰਦਿਆ ਨੂੰ ਆਉਣ-ਜਾਣ ਦੀ ਖੁੱਲ੍ਹ ਹੋਵੇ। ਦੇਸ਼ ਦੀਆਂ ਹੱਦਾਂ-ਸਰਹੱਦਾਂ ‘ਤੇ ਨਫ਼ਰਤ ਤੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਤੋਂ ਜਲਦ ਖੋਲ੍ਹਣ ਦੀ ਮੰਗ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਵੀ 24 ਨਵੰਬਰ 2026 ਨੂੰ ਦੁਨੀਆਂ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਨਾਉਣਗੀਅ ਪਰ ਚੜ੍ਹਦੇ ਪੰਜਾਬ ਦੀਆਂ ਸੰਗਤਾਂ ਨੂੰ ਬਿਨ੍ਹਾਂ ਕਿਸੇ ਰੋਕ-ਟੋਕ ਦੇ ਲਹਿੰਦੇ ਪੰਜਾਬ ਵਿੱਚ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜਾਣ ਦੀ ਖੁੱਲ੍ਹ ਦਿੱਤੀ ਜਾਵੇ ਜੀ।