- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਓ ਪੰਜਾਬੀ ਲਿਖਣਾ ਸ਼ੁਰੂ ਕਰੀਏ-ਹਰਵਿੰਦਰ ਸਿੰਘ ਆਹਲੂਵਾਲੀਆ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਬੋਲੀ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਵਲਵਲਿਆਂ ਤੇ ਮਨੋਭਾਵਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਦੇ ਹਾਂ। ਬੱਚਾ ਆਪਣੀ ਮਾਂ ਤੋਂ ਪਹਿਲਾਂ ਜਿਹੜੀ ਭਾਸ਼ਾ ਸੁਣਦਾ ਹੈ ਤੇ ਸਿੱਖਦਾ ਹੈ, ਉਹ ਉਸ ਦੀ ਮਾਂ ਬੋਲੀ ਹੁੰਦੀ ਹੈ। ਕਿਸੇ ਵੀ ਕੌਮ, ਵਿਰਸੇ ਤੇ ਸੱਭਿਆਚਾਰ ਦੀ ਪਛਾਣ ਉਸ ਦੀ ਮਾਂ ਬੋਲੀ ਤੋਂ ਹੁੰਦੀ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ। ਮੈਨੂੰ ਮਾਣ ਹੈ ਆਪਣੀ ਪੰਜਾਬੀ ਮਾਂ ਬੋਲੀ ’ਤੇ ਕਿਉਂਕਿ ਇਸ ਦਾ ਵਿਰਸਾ ਬਹੁਤ ਅਮੀਰ ਹੈ। ਕਿਸੇ ਭਾਸ਼ਾ 'ਚ ਖੁਦ ਪ੍ਰਮਾਤਮਾ ਨੇ ਮਾਨਸ ਚੋਲਾ ਧਾਰ ਕੇ ਇਸ ਭਾਸ਼ਾ ’ਚ ਬਾਣੀ ਰਚੀ ਤੇ ਸਮੁੱਚੀ ਲੁਕਾਈ ਨੂੰ ਉਪਦੇਸ਼ ਦਿੱਤੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਆਹਲੂਵਾਲੀਆ ਨੇ ਕਹੀ। ਉਨ੍ਹਾਂ ਕਿਹਾ ਅਸੀਂ ਪੰਜਾਬੀ ਲਿਖਣੀ ਭੁੱਲਦੇ ਜਾ ਰਹੇ ਹਾਂ। ਨੋਟਬੁੱਕਾਂ ਤੇ ਰਜਿਸਟਰਾਂ ’ਤੇ ਲਿਖਣ ਦਾ ਰਿਵਾਜ ਹੁਣ ਬਹੁਤ ਘੱਟ ਸੰਸਥਾਵਾਂ ਵਿੱਚ ਪ੍ਰਚਲਿਤ ਹੈ। ਕੰਪਿਊਟਰ ਤੇ ਉਂਗਲਾਂ ਦੀ ਟਾਈਪਿੰਗ ਸ਼ਬਦਾਂ ਨੂੰ ਜਨਮ ਦਿੰਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕ ਵੀ ਕਲਮ, ਸਿਆਹੀ ਤੇ ਪੈਨਸਿਲ ਦੀ ਬਜਾਏ ਫ਼ੋਨ ਦੀ ਵਰਤੋਂ ਕਰ ਰਹੇ ਹਨ। ਸਰਕਾਰੀ ਅਦਾਰਿਆਂ ਵਿੱਚ ਵੀ ਸੁਨੇਹੇ ਟਾਈਪ ਕੀਤੇ ਜਾਂਦੇ ਹਨ ਤੇ ਅੱਗੇ ਭੇਜਣ ਲਈ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਅਸੀਂ ਲਿਖਣਾ ਨਹੀਂ ਭੁੱਲੇ ਹਾਂ ਪਰ ਸੁੰਦਰ ਤੇ ਸੁਚੱਜੀ ਹੱਥ ਲਿਖਤ ਨੂੰ ਜ਼ਰੂਰ ਭੁੱਲ ਗਏ ਹਾਂ। ਬੈਂਕਾਂ, ਡਾਕਘਰਾਂ ਆਦਿ ਵਿੱਚ ਦਸਤਖਤ ਹੁਣ ਪਹਿਲਾਂ ਵਾਂਗ ਮੇਲ ਨਹੀਂ ਖਾਂਦੇ। ਸਮਾਂ ਬਦਲਦਾ ਹੈ ਤੇ ਕੋਈ ਵੀ ਇਸ ਨੂੰ ਰੋਕ ਨਹੀਂ ਸਕਦਾ, ਪਰ ਸਾਡੀ ਮਾਂ-ਬੋਲੀ ਤੇ ਭਾਸ਼ਾ ਨੂੰ ਸੁਰੱਖਿਅਤ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਫ਼ੋਨ ਦੀ ਵਰਤੋਂ ਤੇ ਟਾਈਪਿੰਗ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਸਿਰ ਦਰਦ ਹੋਰ ਸਿਹਤ ਸਮੱਸਿਆਵਾਂ, ਨੀਂਦ ਵਿੱਚ ਵਿਘਨ ਪਾ ਰਹੀ ਹੈ ਤੇ ਸਾਡੇ ਦਿਮਾਗ ਨੂੰ ਸੁੰਨ ਕਰ ਰਹੀ ਹੈ। ਆਹਲੂਵਾਲੀਆ ਨੇ ਕਿਹਾ ਸਾਨੂੰ ਅੱਜ ਹੀ ਨੋਟਬੁੱਕ, ਪੈੱਨ ਤੇ ਰਜਿਸਟਰ ਨਾਲ ਪੰਜਾਬੀ ਲਿਖਣਾ ਸ਼ੁਰੂ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਆਪਣੀ ਮਾਂ ਬੋਲੀ ਨੂੰ ਸੰਭਾਲਣ ਲਈ ਉਨ੍ਹਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਲਮ ਤੇ ਕਾਗਜ਼ ਲਈ ਵੀ ਸਮਾਂ ਕੱਢਣ। ਇਸ ਨਾਲ ਫੋਨ ਦੀ ਬੇਲੋੜੀ ਵਰਤੋਂ ਵੀ ਰੁਕੇਗੀ ਤੇ ਉਨ੍ਹਾਂ ਨੂੰ ਪੰਜਾਬੀ ਲਿਖਣ ਵਿੱਚ ਆਪਣੀ ਪੁਰਾਣੀ ਮੁਹਾਰਤ ਮੁੜ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਜਸ਼ਨ ਮਨਾਉਣਾ ਇੱਕ ਪ੍ਰਗਤੀਸ਼ੀਲ ਸੋਚ ਹੈ। ਪੰਜਾਬੀ ਮਾਂ ਬੋਲੀ ਦੀ ਵਿਲੱਖਣ ਪਛਾਣ ਨੂੰ ਸੁਰੱਖਿਅਤ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਸਾਡੇ ਵਜੂਦ ਤੇ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਹੈ। ਇਹ ਸਾਰਿਆਂ ਨੂੰ ਇੱਕ ਸਾਂਝੇ ਧਾਗੇ ਵਿੱਚ ਬੰਨ੍ਹਦੀ ਹੈ ਤੇ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਪੰਜਾਬੀਆਂ ਦੀ ਅਮੀਰ ਵਿਰਾਸਤ ਹੈ ਤੇ ਇਸਨੂੰ ਸੰਭਾਲਣਾ ਹਰ ਪੰਜਾਬੀ ਦਾ ਫਰਜ਼ ਹੈ।