ਨਸ਼ਿਆਂ ਕਾਰਨ ਬੁਝੇ ਚਿਰਾਗਾਂ ਦੀ ਯਾਦ ’ਚ ਇੱਕ ਦੀਵਾ ਜਗਾਈਏ : ਸੂਰੀ ਨਸ਼ਿਆਂ ਕਾਰਨ ਬੁਝੇ ਘਰਾਂ ਦੇ ਚਿਰਾਗਾਂ ਦੀ ਯਾਦ ਵਿੱਚ ਇੱਕ ਦੀਵਾ ਜ਼ਰੂਰ ਜਗਾਈਏ : ਚੇਤਨ ਸੂਰੀ
Publish Date: Sat, 07 Nov 2026 09:13 PM (IST)
Updated Date: Sat, 07 Nov 2026 09:14 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਆਪਣੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਮੌਕੇ ਆਪਣੇ ਘਰਾਂ ਵਿੱਚ ਇੱਕ ਦੀਵਾ ਉਨ੍ਹਾਂ ਨੌਜਵਾਨਾਂ ਦੀ ਯਾਦ ਵਿੱਚ ਜ਼ਰੂਰ ਜਗਾਇਆ ਜਾਵੇ, ਜਿਨ੍ਹਾਂ ਦੀਆਂ ਜ਼ਿੰਦਗੀਆਂ ਨਸ਼ਿਆਂ ਦੀ ਭੇਟ ਚੜ੍ਹ ਗਈਆਂ। ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਵੇ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਹਨ੍ਹੇਰਾ ਦੂਰ ਹੋਵੇ ਤੇ ਭਵਿੱਖ ਵਿੱਚ ਕਿਸੇ ਵੀ ਮਾਂ ਦੀ ਗੋਦ ਨਸ਼ਿਆਂ ਕਾਰਨ ਸੁੰਨੀ ਨਾ ਹੋਵੇ। ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਤਿਉਹਾਰਾਂ ’ਤੇ ਵਧਾਈ ਸੰਦੇਸ਼ ਵਿੱਚ ਭਾਜਪਾ ਆਗੂ ਨੇ ਕਿਹਾ ਪੰਜਾਬ ਅੱਜ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਨਸ਼ਿਆਂ ਨੇ ਸੂਬੇ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਹਨ ਤੇ ਬਹੁਤ ਸਾਰੇ ਪਰਿਵਾਰਾਂ ਨੂੰ ਅਜਿਹਾ ਦਰਦ ਦਿੱਤਾ ਹੈ, ਜਿਸ ਦੀ ਭਰਪਾਈ ਸੰਭਵ ਨਹੀਂ। ਨਸ਼ਿਆਂ ਕਾਰਨ ਆਪਣੇ ਪੁੱਤਰਾਂ ਨੂੰ ਗੁਆਉਣ ਵਾਲੀਆਂ ਮਾਵਾਂ ਦਾ ਦੁੱਖ ਪੂਰੇ ਪੰਜਾਬ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਅਸਲ ਖੁਸ਼ੀ ਉਦੋਂ ਹੀ ਸਾਰਥਕ ਹੋਵੇਗੀ, ਜਦੋਂ ਅਸੀਂ ਸਮਾਜ ਦੇ ਲੋੜਵੰਦ ਤੇ ਦੁਖੀ ਲੋਕਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਾ ਮੁਕਤ, ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਉਸਾਰੀ ਲਈ ਸਾਂਝੇ ਤੌਰ ’ਤੇ ਯਤਨ ਕਰਨ, ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਤੇ ਸੂਬੇ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।