ਜਨਗਣਨਾ ਅਧਿਕਾਰੀਆਂ ਨੂੰ ਸਹਿਯੋਗ ਦਿਓ : ਡਾ. ਬਾਵਾ ਆਓ ਜਨਗਣਨਾ 2027 ਲਈ ਅਧਿਕਾਰੀਆਂ ਨੂੰ ਸਹਿਯੋਗ ਅਤੇ ਸਹੀ ਜਾਣਕਾਰੀ ਦੇ ਕੇ ਇਮਾਨਦਾਰ ਨਾਗਰਿਕ ਹੋਣ ਦਾ ਸਬੂਤ ਦਈਏ : ਡਾ.ਬਾਵਾ
Publish Date: Sun, 29 Nov 2026 07:26 PM (IST)
Updated Date: Sun, 29 Nov 2026 07:28 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਅੰਦਰ ਜਨਗਣਨਾ ਭਾਵ ਮਰਦਮਸ਼ੁਮਾਰੀ (ਆਬਾਦੀ ਦੀ ਗਿਣਤੀ) 2027 ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਿਛਲੀ ਬਾਰ ਜਨਗਣਨਾ 2011 ਵਿੱਚ ਹੋਈ ਸੀ ਤੇ ਹਰ 10 ਸਾਲ ਬਾਅਦ ਜਨਗਣਨਾ ਕੀਤੀ ਜਾਂਦੀ ਹੈ। ਇਹ 2011 ਤੋਂ ਬਾਅਦ 2021 ਵਿੱਚ ਹੋਣੀ ਸੀ, ਪਰ ਉਦੋਂ ਕਰੋਨਾ ਕਰਕੇ ਜਨਗਣਨਾ ਲੇਟ ਹੋ ਗਈ ਤੇ ਸਰਕਾਰ ਵੱਲੋਂ 2027 ਵਿੱਚ ਜਨਗਣਨਾ ਕਰਨ ਦਾ ਫੈਸਲਾ ਲਿਆ ਗਿਆ ਪਰ 2027 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਕਈ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਕਰਕੇ ਇਹ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਵਜੋਂ ਸ਼ੁਰੂ ਕੀਤੀ ਗਈ ਤੇ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਸਬੰਧਤ ਅਧਿਕਾਰੀਆਂ ਵੱਲੋਂ ਦੇਸ਼ ਦੇ ਹਰ ਨਾਗਰਿਕ ਦੇ ਘਰ ਜਾ ਕੇ 40 ਸਵਾਲ ਪੁੱਛੇ ਜਾਣਗੇ ਤੇ ਇਸ ਸਾਰੀ ਪ੍ਰਕਿਰਿਆ ਨੂੰ ਆਨਲਾਈਨ ਪੋਰਟਲ ’ਤੇ ਭਰਿਆ ਜਾਵੇਗਾ, ਜਿਸ ਉਪਰੰਤ ਇੱਕ ਆਨਲਾਈਨ ਆਈਡੀ ਜਾਰੀ ਹੋਵੇਗੀ, ਜਿਸ ਨੂੰ ਅਸੀਂ ਸਾਂਭ ਕੇ ਰੱਖਣਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਡਾ. ਐੱਚਐੱਸ ਬਾਵਾ ਸਮਾਜ ਸੇਵਕ ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਜਾਣ ਦੇ ਬਾਵਜੂਦ ਵੀ ਕਈ ਲੋਕ ਘਰਾਂ ਦੇ ਦਰਵਾਜ਼ੇ ਹੀ ਨਹੀਂ ਖੋਲ੍ਹਦੇ, ਜਿਸ ਕਰਕੇ ਅਧਿਕਾਰੀਆਂ ਨੂੰ ਇਸ ਤਰਾਂ ਦੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਗੁੰਮਰਾਹਕੁੰਨ ਅਫ਼ਵਾਹਾਂ ਦੇ ਸ਼ਿਕਾਰ ਹੋ ਰਹੇ ਹਨ, ਉਹ ਸਮਝਦੇ ਹਨ ਕਿ ਜਨਗਣਨਾ ਦੇ ਬਹਾਨੇ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਇਸ ਤੋਂ ਇਲਾਵਾ ਕੁੱਝ ਅਜਿਹੇ ਲੋਕ ਵੀ ਹਨ ਜੋ ਜਨਗਣਨਾ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦੀ ਦੇਖਰੇਖ ਵਿੱਚ ਹੁੰਦੀ ਹੈ। ਜੋ ਲੋਕ ਡਰਦੇ ਹਨ ਕਿ ਉਨ੍ਹਾਂ ਦੇ ਘਰ ਆਇਆ ਅਧਿਕਾਰੀ ਸਹੀ ਹੈ ਜਾਂ ਨਹੀਂ, ਦੀ ਕਿਵੇਂ ਪਰਖ਼ ਕੀਤੀ ਜਾਵੇ, ਉਹ ਲੋਕ ਘਰ ਆਏ ਅਧਿਕਾਰੀ ਦਾ ਪਹਿਚਾਣ ਪੱਤਰ ਚੈੱਕ ਕਰਕੇ ਸਬੰਧਤ ਦਫਤਰ ਤੋਂ ਜਾਣਕਾਰੀ ਲੈ ਸਕਦੇ ਹਨ। ਸਾਰੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਇਲਾਕੇ ਦਾ ਵੱਟਸਐਪ ਗਰੁੱਪ ਬਣਾ ਕੇ ਸਾਰੇ ਨਾਗਰਿਕਾਂ ਨੂੰ ਗਰੁੱਪ ਵਿੱਚ ਸ਼ਾਮਲ ਕਰਕੇ ਕੰਮ ਕਰਨ ਤਾਂ ਠੀਕ ਰਹੇਗਾ। ਜਨਗਣਨਾ ਵਿੱਚ ਭਾਗ ਨਾ ਲੈਣ ਵਾਲੇ ਪਰਿਵਾਰਾਂ ਨੂੰ ਬਾਅਦ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਰੇ ਲੋਕ ਜਨਗਣਨਾ ਅਧਿਕਾਰੀ ਨੂੰ ਸਹਿਯੋਗ ਦੇਣ।