ਮਿੱਟੀ ਦੇ ਦੀਵੇ ਜਗਾ ਕੇ ਪ੍ਰਦਰਸ਼ਨ ਰਹਿਤ ਦੀਵਾਲੀ ਮਨਾਈਏ : ਰਾਣਾ ਗੁਰਜੀਤ ਸਿੰਘ ਮਿੱਟੀ ਦੇ ਦੀਵੇ ਜਗਾ ਕੇ ਪ੍ਰਦਰਸ਼ਨ ਰਹਿਤ ਦੀਵਾਲੀ ਮਨਾਈਏ : ਰਾਣਾ ਗੁਰਜੀਤ ਸਿੰਘ/ਰਾਣਾ ਇੰਦਰਪ੍ਰਤਾਪ ਸਿੰਘ
Publish Date: Fri, 06 Nov 2026 08:50 PM (IST)
Updated Date: Sat, 07 Nov 2026 04:06 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਇਸ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਂਦੇ ਹੋਏ ਇੱਕ ਦੂਜੇ ਨੂੰ ਫ਼ਲ ਅਤੇ ਮਿਠਿਆਈਆਂ ਦੇ ਕੇ ਦੀਵੇ ਜਗਾ ਕੇ ਹੀ ਪ੍ਰਦਰਸ਼ਨ ਰਹਿਤ ਮਨਾਈਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਤਿਸ਼ਬਾਜ਼ੀ ਜਾਂ ਪਟਾਕਿਆਂ ਦਾ ਉਪਯੋਗ ਨਾ ਕਰ ਕੇ ਗਰੀਨ (ਹਰੀ) ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਕੀਤਾ। ਉਨ੍ਹਾਂ ਸਮੂਹ ਦੇਸ਼ ਵਿਦੇਸ਼ ਵੱਸਦੇ ਭਾਰਤੀਆਂ ਅਤੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਨੂੰ ਮਿੱਟੀ ਦੇ ਦੀਵੇ ਜਗਾ ਕੇ, ਘਰਾਂ ਨੂੰ ਸਜਾ ਕੇ ਅਤੇ ਆਪਸੀ ਪਿਆਰ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਛੋਟੀ ਜਿਹੀ ਮਦਦ ਨਾਲ ਕਿਸੇ ਗਰੀਬ ਬੱਚੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਜਾਂ ਕਿਸੇ ਲੋੜਵੰਦ ਪਰਿਵਾਰ ਦੇ ਘਰ ਦੀਵਾਲੀ ਦੀ ਖੁਸ਼ੀ ਪਹੁੰਚ ਜਾਂਦੀ ਹੈ, ਤਾਂ ਇਸ ਤੋਂ ਵੱਡੀ ਦੀਵਾਲੀ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਓ, ਇਸ ਦੀਵਾਲੀ ਤੇ ਸੰਕਲਪ ਕਰੀਏ ਕਿ ਅਸੀਂ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਨੂੰ ਵੀ ਆਪਣਾ ਫ਼ਰਜ਼ ਬਣਾਵਾਂਗੇ। ਅਸੀਂ ਅਣਜਾਣੇ ਵਿੱਚ ਹੀ ਜਿਥੇ ਅਪਣੇ ਖੂਨ ਪਸੀਨੇ ਦੀ ਕਮਾਈ ਨੂੰ ਪਟਾਕਿਆਂ ਦੇ ਰੂਪ ਵਿੱਚ ਅੱਗ ਲਗਾ ਰਹੇ ਹਾਂ ਉਥੇ ਹੀ ਕੁਦਰਤ ਦੇ ਅਨਮੋਲ ਤੋਹਫ਼ੇ ਹਵਾ ਨੂੰ ਵੀ ਜ਼ਹਿਰੀਲਾ ਬਣਾ ਰਹੇ ਹਾਂ, ਜੋ ਸਾਡੀ ਸਾਰਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਬੱਚਿਆਂ, ਬਜੁਰਗਾਂ, ਬੀਮਾਰੀ ਨਾਲ ਜੂਝ ਰਹੇ ਵਿਅਕਤੀਆਂ ਅਤੇ ਪਸੂ, ਪੰਛੀਆਂ ਨੂੰ ਵੀ ਇਹ ਜ਼ਹਿਰੀਲਾ ਧੂੰਆਂ ਨੁਕਸਾਨ ਪਹੁੰਚਾਉਂਦਾ ਹੈ । ਉਨ੍ਹਾਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਵੀ ਹੋ ਸਕੇ ਇਸ ਦੀਵਾਲੀ ਮੌਕੇ ਆਤਿਸ਼ਬਾਜ਼ੀ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਦੂਜਿਆਂ ਨੂੰ ਜਾਗਰੂਕ ਕਰਕੇ ਇਸ ਲਈ ਸਹਿਮਤ ਕੀਤਾ ਜਾਵੇ ਤਾਂ ਜੋ ਅਸੀਂ ਰੌਸ਼ਨੀ ਦੇ ਤਿਓਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਅਸਲ ਅਰਥਾਂ ਵਿਚ ਮਨਾ ਸਕੀਏ ।