
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਦਰਤ ਨਾਲ ਵੀ ਰਿਸ਼ਤਿਆਂ ਦੀ ਸਾਂਝ ਨੂੰ ਪਕੇਰਾ ਕਰੀਏ

--ਰੱਖੜੀ ਵਾਲੇ ਦਿਨ ਕੁਦਰਤੀ ਸਾਂਝ ਨੂੰ ਪਕੇਰਾ ਕਰਨ ਪ੍ਰਤੀ ਵਚਨਬੱਧ ਹੋਈਏ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਦੇਸ਼ ਵਿੱਚ ਮਨਾਏ ਜਾਂਦੇ ਸਾਰੇ ਹੀ ਤਿਉਹਾਰ ਭਾਈਚਾਰਕ ਸਾਂਝ, ਏਕਤਾ, ਵਿਸ਼ਵਾਸ, ਮਿਲਵਰਤਨ, ਪਿਆਰ, ਸੱਭਿਆਚਾਰਕ ਗਿਆਨ, ਰੀਤੀ-ਰਿਵਾਜ ਤੇ ਦੇਸ਼ ਦੀ ਆਨ-ਸ਼ਾਨ ਦੀ ਗੂੜ੍ਹੀ ਨਿਸ਼ਾਨੀ ਹਨ। ਕੋਈ ਵੀ ਤਿਆਰ ਸਿੱਧੇ-ਅਸਿੱਧੇ ਰੂਪ ਵਿੱਚ ਕੁਦਰਤ ਦੀ ਹਿੱਸੇਦਾਰੀ ਤੋਂ ਦੂਰ ਨਹੀਂ। ਕੁਦਰਤ ਪ੍ਰਤੀ ਜਾਗਰੂਕਤਾ ਜਾਂ ਅਗਿਆਨਤਾ ਦੋਵੇਂ ਹੀ ਕੁਦਰਤ ਦੀ ਸਾਂਝਦਾਰੀ ਤੋਂ ਦੂਰ ਨਹੀਂ। ਕੋਈ ਵੀ ਰਿਸ਼ਤਾ ਸਭਿਆਚਾਰ, ਕਲਾ ਤੇ ਪਿਆਰ ਕੁਦਰਤੀ ਤੋਹਫੇ ਰੁੱਖ ਤੇ ਪਾਣੀ ਦੀ ਮੌਜੂਦਗੀ ਤੋਂ ਪਰੇ ਨਹੀਂ। ਮਨੁੱਖਤਾ ਨੇ ਆਪਣੇ ਫਾਇਦਿਆਂ ਨੂੰ ਮੁੱਖ ਰੱਖਦਿਆਂ ਕੁਦਰਤ ਦਾ ਖਿਆਲ ਰੱਖਣਾ ਛੱਡ ਦਿੱਤਾ, ਜਿਸ ਦਾ ਖਮਿਆਜ਼ਾ ਭੁਗਤ ਰਿਹਾ ਹੈ, ਲੱਖਾਂ-ਲੱਖਾਂ ਰੁਪਏ ਲੈ ਕੇ ਵੀ ਆਕਸੀਜਨ ਦੀ ਘਾਟ ਨੂੰ ਮਹਿਸੂਸ ਕੀਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ, ਚੀਫ਼ ਆਰਗੇਨਾਈਜ਼ਰ ਭਾਰਤੀ ਜੀਵਨ ਬੀਮਾ ਨਿਗਮ ਕਪੂਰਥਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਉ, ਰੱਖੜੀ ਮੌਕੇ ਕਿਉਂ ਨਾ ਅਸੀਂ ਲਾਭਦਾਇਕ ਸਾਂਝ, ਪਿਆਰ, ਵਿਸ਼ਵਾਸ ਤੇ ਰੱਖਿਆ ਦੀ ਆਸ ਕੁਦਰਤ ਕੋਲੋਂ ਵੀ ਕਰੀਏ। ਅਨਮੋਲ ਤੋਹਫੇ ਹਵਾ, ਪਾਣੀ ਤੇ ਰੁੱਖਾਂ ਨੂੰ ਸਾਂਭਣ ਦਾ ਯਤਨ ਕਰੀਏ, ਜੋ ਸੁਆਰਥ ਰਹਿਤ, ਬਿਨਾ ਕਿਸੇ ਲਾਲਚ ਤੋਂ ਸਾਨੂੰ ਜੀਵਨ ਦਾਨ ਦੇ ਰਹੇ ਹਨ। ਮਨੁੱਖ ਨੇ ਕੁਦਰਤ ਤੋਂ ਬਹੁਤ ਕੁਝ ਸਿੱਖਿਆ ਹੈ। ਮਨੁੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਲੇ-ਦੁਆਲੇ ਤੇ ਆਪਣੇ ਆਪ ਬਾਰੇ ਚੇਤੰਨ ਹੋਵੇ, ਮਨੁੱਖ ਆਪਣੇ ਚੌਗਿਰਦੇ ਪ੍ਰਤੀ ਜਿੰਨਾ ਵਧੇਰੇ ਚੇਤੰਨ ਤੇ ਚਿੰਤਨਸ਼ੀਲ ਹੋਵੇਗਾ ਉਨਾ ਹੀ ਜ਼ਿਆਦਾ ਆਪਣੇ ਚੌਗਿਰਦੇ ਤੋਂ ਲਾਭ ਦਾ ਪਾਤਰ ਬਣੇਗਾ। ਭਾਟੀਆ ਨੇ ਕਿਹਾ ਕਿ ਰੱਖੜੀ ਮੌਕੇ ਕਿਉਂ ਨਾ ਕੁਦਰਤ ਨਾਲ ਪ੍ਰੇਮ, ਪਿਆਰ ਮਿਠਾਸ, ਨਿਮਰਤਾ ਤੇ ਸਾਦਗੀ ਰਖੀਏ, ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ, ਉਨ੍ਹਾਂ ਦੀ ਰੱਖਿਆ ਕਰਨ ਦਾ ਪ੍ਰਣ ਕਰੀਏ। ਇਕ ਸੱਚੇ ਰਿਸ਼ਤੇ ਭੈਣ-ਭਰਾ, ਪਿਉ-ਧੀ, ਪਤੀ ਪਤਨੀ ਵਾਂਗ ਕੁਦਰਤ ਵੀ ਸਾਡੀ ਰੱਖਿਆ ਕਰੇਗੀ। ਬੱਸ ਗੱਲ ਤਾਂ ਕੁਦਰਤ ਨੂੰ ਸਮਝਣ ਵਿਚ ਹੀ ਹੈ।