ਐੱਸਡੀ ਕਾਲਜ ’ਚ ਕਾਨੂੰਨੀ ਜਾਗਰੂਕਤਾ ਲੈਕਚਰ ਕਰਵਾਇਆ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਕਾਨੂੰਨੀ ਜਾਗਰੂਕਤਾ ਲੈਕਚਰ
Publish Date: Tue, 13 Oct 2026 07:35 PM (IST)
Updated Date: Tue, 13 Oct 2026 07:36 PM (IST)
ਬਾਲ ਵਿਆਹ ਸਮਾਜ ਲਈ ਗੰਭੀਰ ਸਮੱਸਿਆ : ਐਡ. ਸੀਮਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਸਬੰਧ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਸੀਮਾ ਸੇਠੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਇਸ ਦਿਵਸ ਦੀ ਮਹੱਤਤਾ, ਲੜਕੀਆਂ ਦੇ ਅਧਿਕਾਰਾਂ ਤੇ ਸਮਾਜ ਵਿੱਚ ਉਨ੍ਹਾਂ ਦੀ ਸੁਰੱਖਿਆ ਤੇ ਸਸ਼ਕਤੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਬਾਲ ਵਿਆਹ ਦੀ ਗੰਭੀਰ ਸਮੱਸਿਆ ਬਾਰੇ ਚਰਚਾ ਕਰਦਿਆਂ ਕਿਹਾ ਕਿ ਬਾਲ ਵਿਆਹ ਲੜਕੀਆਂ ਦੇ ਬਚਪਨ, ਸਿੱਖਿਆ, ਆਜ਼ਾਦੀ ਤੇ ਸੁਨਹਿਰੀ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ। ਛੋਟੀ ਉਮਰ ਵਿੱਚ ਵਿਆਹ ਹੋਣ ਕਾਰਨ ਲੜਕੀਆਂ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣੀ ਪੈ ਸਕਦੀ ਹੈ ਤੇ ਉਨ੍ਹਾਂ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਵਿਕਾਸ ਉੱਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਬਾਲ ਵਿਆਹ ਨੂੰ ਰੋਕਣਾ ਕੇਵਲ ਕਾਨੂੰਨੀ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਮਾਜ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਵੀ ਹੈ। ਐਡਵੋਕੇਟ ਸੀਮਾ ਨੇ ਬਾਲ ਵਿਆਹ ਰੋਕੂ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਵਿਆਹ ਲਈ ਲੜਕੀ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਸਾਲ ਤੇ ਲੜਕੇ ਦੀ 21 ਸਾਲ ਹੈ। ਉਨ੍ਹਾਂ ਨੇ ਸਮਝਾਇਆ ਕਿ ਨਾਬਾਲਗ ਉਮਰ ਵਿੱਚ ਵਿਆਹ ਕਰਵਾਉਣਾ, ਇਸ ਦੀ ਵਿਵਸਥਾ ਕਰਨਾ ਜਾਂ ਇਸ ਨੂੰ ਉਤਸ਼ਾਹਿਤ ਕਰਨਾ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ, ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਜ਼ਬਰਦਸਤੀ ਦਾ ਸਾਹਮਣਾ ਕਰਨ ਸਮੇਂ ਸਹਾਇਤਾ ਲੈਣ ਤੇ ਬਾਲ ਵਿਆਹ ਦੀ ਸੰਭਾਵਨਾ ਹੋਣ ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਪ੍ਰੇਰਿਤ ਕੀਤਾ।