ਪ੍ਰਦੀਪ ਦੀ ਪ੍ਰੇਰਣਾ ਨਾਲ ਰਾਹੁਲ ਤੇ ਰਵੀਪਾਲ ਭਾਜਪਾ ’ਚ ਸ਼ਾਮਲ ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਭਾਜਪਾ ’ਚ ਹੋਏ ਸ਼ਾਮਲ
Publish Date: Tue, 20 Oct 2026 07:27 PM (IST)
Updated Date: Tue, 20 Oct 2026 07:30 PM (IST)
ਚੇਤਨ ਸੂਰੀ ਨੇ ਪਾਰਟੀ ਦਾ ਪਟਕਾ ਭੇਟ ਕਰਕੇ ਕੀਤਾ ਸਵਾਗਤ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਹਲਚਲ ਤੇਜ਼ ਹੋ ਗਈ ਹੈ, ਜਿਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਹਲਕੇ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਰਿਵਾਰ ਤੇ ਆਗੂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਹੇ ਹਨ। ਇਸ ਤਹਿਤ ਬੀਤੇ ਦਿਨੀਂ ਕਪੂਰਥਲਾ ਹਲਕੇ ਦੇ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਨੇ ਭਾਜਪਾ ਦੇ ਮੰਡਲ-1 ਦੇ ਪ੍ਰਧਾਨ ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਭਾਜਪਾ ਮੰਡਲ-1 ਦੇ ਪ੍ਰਧਾਨ ਪ੍ਰਦੀਪ ਠਾਕੁਰ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਨੂੰ ਪਾਰਟੀ ਦਾ ਪਟਕਾ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਚੇਤਨ ਸੂਰੀ ਨੇ ਨਵੇਂ ਮੈਂਬਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨਾਲ ਜੁੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਕਈ ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਡਬਲ ਇੰਜਨ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਪ੍ਰਦੀਪ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 12 ਸਾਲਾਂ ਵਿੱਚ ਦੇਸ਼ ਭਰ ਵਿੱਚ ਵਿਕਾਸ, ਰੁਜ਼ਗਾਰ, ਮਜ਼ਦੂਰਾਂ, ਔਰਤਾਂ, ਛੋਟੇ-ਵੱਡੇ ਉਦਯੋਗਾਂ, ਸਿੱਖਿਆ, ਸੁਰੱਖਿਆ, ਸਿਹਤ ਤੇ ਸਮਾਜਿਕ ਸੁਰੱਖਿਆ ਲਈ ਜੋ ਕੰਮ ਕੀਤੇ ਗਏ ਹਨ, ਉਹ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਵਿਕਾਸਮੁਖੀ ਨੀਤੀਆਂ, ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਕਾਰਨ ਲੋਕਾਂ ਦਾ ਵਿਸ਼ਵਾਸ ਲਗਾਤਾਰ ਪਾਰਟੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਦੀ ਸ਼ਮੂਲੀਅਤ ਨਾਲ ਕਪੂਰਥਲਾ ਹਲਕੇ ਵਿਚ ਭਾਜਪਾ ਨੂੰ ਇਕ ਵੱਡਾ ਹੁਲਾਰਾ ਮਿਲਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਪ੍ਰਦੀਪ ਠਾਕੁਰ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਰ ਚੁੱਕੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਲੋਕ ਨਿਰਾਸ਼ ਹੋ ਚੁੱਕੇ ਹਨ ਤੇ ਹੁਣ ਉਹ ਭਾਜਪਾ ਨੂੰ ਇੱਕ ਮਜ਼ਬੂਤ, ਭਰੋਸੇਯੋਗ ਤੇ ਵਿਕਾਸ ਪੱਖੀ ਬਦਲ ਵਜੋਂ ਦੇਖ ਰਹੇ ਹਨ।