ਵਕੀਲਾਂ ਦੀ ਹੜਤਾਲ 24ਵੇਂ ਦਿਨ ’ਚ ਦਾਖਲ, ਭੁੱਖ ਹੜਤਾਲ ਵੀ ਜਾਰੀ ਐਲਏਡੀਸੀ ਨੀਤੀ ਦੇ ਵਿਰੋਧ ਵਿੱਚ ਵਕੀਲਾਂ ਦੀ ਹੜਤਾਲ 24ਵੇਂ ਦਿਨ ਵਿੱਚ ਦਾਖਲ, ਭੁੱਖ ਹੜਤਾਲ ਵੀ ਕਈ ਦਿਨਾਂ ਤੋਂ ਜਾਰੀ
Publish Date: Thu, 30 Jul 2026 10:25 PM (IST)
Updated Date: Thu, 30 Jul 2026 10:28 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਐੱਲਏਡੀਸੀ ਨੀਤੀ ਦੇ ਵਿਰੋਧ ਵਿੱਚ ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ ਦੀ ਹੜਤਾਲ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਈ। ਵਕੀਲਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਇਸ ਦੇ ਨਾਲ ਹੀ ਵਕੀਲਾਂ ਦੀ ਭੁੱਖ ਹੜਤਾਲ ਵੀ ਲਗਾਤਾਰ ਨੌਵੇਂ ਦਿਨ ਜਾਰੀ ਰਹੀ। ਭੁੱਖ ਹੜਤਾਲ ’ਤੇ ਬੈਠੇ ਐਡ. ਸੁਖਵਿੰਦਰ ਸਿੰਘ ਮੁਤੀ, ਐਡ. ਅਨਮੋਲ ਸਿੰਘ ਧੰਜੂ ਅਤੇ ਐਡ. ਹਰਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਐੱਲਏਡੀਸੀ ਨੀਤੀ ਵਕੀਲਾਂ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਆਪਣੇ ਹੱਕਾਂ ਅਤੇ ਨਿਆਂ ਪ੍ਰਣਾਲੀ ਦੀ ਮਰਿਆਦਾ ਲਈ ਇਕਜੁੱਟ ਹੋ ਕੇ ਸੰਘਰਸ਼ ਕਰ ਰਿਹਾ ਹੈ। ਜਦੋਂ ਤੱਕ ਸਰਕਾਰ ਨੀਤੀ ਵਾਪਸ ਨਹੀਂ ਲੈਂਦੀ, ਸੰਘਰਸ਼ ਜਾਰੀ ਰਹੇਗਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਅਤੇ ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ ਨੇ ਐੱਲਏਡੀਸੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਐਲਏਡੀਸੀ ਪੈਨਲ ’ਤੇ ਕੰਮ ਕਰ ਰਹੇ ਵਕੀਲਾਂ ਨੂੰ ਕਪੂਰਥਲਾ ਬਾਰ ਐਸੋਸੀਏਸ਼ਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਵਕੀਲਾਂ ਨੂੰ ਪੈਨਲ ਛੱਡਣ ਲਈ ਕਿਹਾ ਜਾ ਰਿਹਾ ਹੈ ਅਤੇ ਨਾ ਮੰਨਣ ਵਾਲਿਆਂ ਦੀ ਮੈਂਬਰਸ਼ਿਪ ਮੁਅੱਤਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਕਾਰਵਾਈ ਦਾ ਸਮੂਹ ਵਕੀਲ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਕੱਤਰ ਸ਼ੈਲ ਪ੍ਰਭਾਕਰ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ 7 ਅਗਸਤ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਵਕੀਲਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਹੜਤਾਲ ਕਿਸੇ ਇੱਕ ਬਾਰ ਐਸੋਸੀਏਸ਼ਨ ਦਾ ਮਸਲਾ ਨਹੀਂ, ਸਗੋਂ ਸਮੁੱਚੇ ਵਕੀਲ ਭਾਈਚਾਰੇ ਦੇ ਹੱਕਾਂ ਨਾਲ ਜੁੜਿਆ ਮਾਮਲਾ ਹੈ। ਸਰਕਾਰ ਤੋਂ ਮੰਗ ਕੀਤੀ ਕਿ ਵਿਵਾਦ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ, ਸ਼ੈਲ ਪ੍ਰਭਾਕਰ ਸਕੱਤਰ ਬਾਰ ਐਸੋਸੀਏਸ਼ਨ, ਐਡ. ਕੇਹਰ ਸਿੰਘ, ਐਡ. ਸੁੱਚਾ ਸਿੰਘ ਮੋਮੀ, ਐਂਡ. ਤਾਰਾ ਚੰਦ ਉੱਪਲ, ਐਡ. ਭੁਪਿੰਦਰ ਸਿੰਘ, ਐਡ. ਸਤਨਾਮ ਸਿੰਘ ਮੋਮੀ, ਐਡ. ਇੰਦਰਜੀਤ ਸਿੰਘ ਥਿੰਦ, ਐਡ. ਰਜਿੰਦਰ ਸਿੰਘ ਰਾਣਾ, ਐਡ. ਗੁਰਮੀਤ ਸਿੰਘ ਢਿੱਲੋਂ, ਐਡ. ਮਲਕੀਤ ਸਿੰਘ ਥਿੰਦ, ਐਡ. ਬਲਵਿੰਦਰ ਸਿੰਘ ਮੋਮੀ, ਐਡ. ਸਤਬੀਰ ਮਹੀਵਾਲ, ਐਡ. ਤਰੁਨ ਕੰਬੋਜ, ਐਡ. ਰਾਜਵਿੰਦਰ ਕੌਰ ਸੰਧਾ, ਐਡ. ਗੁਰਮੇਲ ਸਿੰਘ ਥਿੰਦ, ਐਡ. ਸੁਖਵਿੰਦਰ ਸਿੰਘ, ਐਡ. ਹਰਮਨਪ੍ਰੀਤ ਸਿੰਘ, ਐਡ. ਅਨਮੋਲ ਸਿੰਘ ਧੰਜੂ ,ਐਡ. ਸੁਖਵਿੰਦਰ ਸਿੰਘ ਮੁੱਤੀ, ਐਡ. ਹਰਮਨਪ੍ਰੀਤ ਸਿੰਘ,ਐਡ ਰਾਜਵਿੰਦਰ ਕੌਰ, ਐਡ. ਰੂਬੀ ਸ਼ਰਮਾ, ਐਡ. ਹਰਪ੍ਰੀਤ ਸਿੰਘ ਸਹੋਤਾ, ਐਡ. ਲਵਪ੍ਰੀਤ ਸਿੰਘ, ਐਡ. ਜਗਦੀਸ਼ ਸਿੰਘ ਸੋਢੀ, ਐਡ. ਰਮਨਦੀਪ ਕੌਰ, ਐਡ. ਆਕਾਸ਼ਦੀਪ ਸਿੰਘ, ਐਡ. ਆਸੂਤੋਸ਼ ਪਾਲ, ਐਡ. ਰਾਮ ਸਿੰਘ ਥਿੰਦ, ਐਡ. ਗੁਰਮੀਤ ਸਿੰਘ ਵਿਰਦੀ, ਦਿਲਬਾਗ ਸਿੰਘ ਪ੍ਰਧਾਨ ਕਲਰਕ ਅਸੋਸੀਏਸ਼ਨ ਸੁਲਤਾਨਪੁਰ ਲੋਧੀ, ਕੁਲਦੀਪ ਸਿੰਘ ਚੀਦਾ, ਐਡ. ਵਿਕਾਸ ਕੁਮਾਰ ਆਦਿ ਵੀ ਹਾਜ਼ਰ ਸਨ।