ਐੱਲਏਡੀਸੀ ਪ੍ਰਣਾਲੀ ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ LADC ਪ੍ਰਣਾਲੀ ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ
Publish Date: Wed, 22 Jul 2026 09:14 PM (IST)
Updated Date: Wed, 22 Jul 2026 09:16 PM (IST)
ਮਹਿਲਾ ਵਕੀਲਾਂ, ਡੀਸੀ ਦਫ਼ਤਰ ਦੇ ਮੁਲਾਜ਼ਮਾਂ ਤੇ ਕਲਰਕਾਂ ਵੱਲੋਂ ਭਰਪੂਰ ਸਮਰਥਨ ਐੱਲਏਡੀਸੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੀਤੀ ਮੰਗ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਲੀਗਲ ਏਡ ਡਿਫੈਂਸ ਕੌਂਸਲ (ਐੱਲਏਡੀਸੀ) ਪ੍ਰਣਾਲੀ ਦੇ ਵਿਰੋਧ ਅਤੇ ਵਕੀਲ ਭਾਈਚਾਰੇ ਦੀ ਆਜ਼ਾਦੀ, ਮਾਣ-ਸਨਮਾਨ ਅਤੇ ਹੱਕਾਂ ਦੀ ਰੱਖਿਆ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਹੋਰ ਵੀ ਤਿੱਖਾ ਅਤੇ ਵਿਆਪਕ ਰੂਪ ਧਾਰਨ ਕਰ ਚੁੱਕਾ ਹੈ। ਅੱਜ ਭੁੱਖ ਹੜਤਾਲ ਦੇ ਤੀਜੇ ਦਿਨ ਮਹਿਲਾ ਵਕੀਲਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਸ ਸੰਘਰਸ਼ ’ਚ ਨਵਾਂ ਜੋਸ਼ ਭਰਿਆ। ਇਸ ਦੇ ਨਾਲ ਹੀ ਵਕੀਲਾਂ ਦੇ ਇਸ ਜਾਇਜ਼ ਸੰਘਰਸ਼ ਨੂੰ ਹੁਣ ਵੱਖ-ਵੱਖ ਵਰਗਾਂ ਦਾ ਭਰਪੂਰ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਅੱਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਸਟੇਟ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਜਿੰਦਰ ਕੌਰ ਆਪਣੇ ਸਾਥੀਆਂ ਸਮੇਤ ਹੜਤਾਲ ਸਥਾਨ ’ਤੇ ਪਹੁੰਚੇ ਅਤੇ ਵਕੀਲਾਂ ਨੂੰ ਆਪਣਾ ਪੂਰਨ ਸਮਰਥਨ ਦਿੱਤਾ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਵਕੀਲਾਂ ਦੇ ਕਲਰਕ ਵੀ ਅੱਜ ਤੋਂ ਇਸ ਸੰਘਰਸ਼ ਵਿੱਚ ਰਸਮੀ ਤੌਰ ’ਤੇ ਸ਼ਾਮਲ ਹੋ ਗਏ ਹਨ । ਅੱਜ ਭੁੱਖ ਹੜਤਾਲ ’ਤੇ ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਵਰੁਣ ਸ਼ਰਮਾ, ਐਡਵੋਕੇਟ ਦੀਪਿਕਾ ਸ਼ੀਤਲ (ਮਹਿਲਾ ਪ੍ਰਤੀਨਿਧੀ), ਐਡਵੋਕੇਟ ਅੰਮ੍ਰਿਤਪਾਲ (ਮਹਿਲਾ ਪ੍ਰਤੀਨਿਧੀ), ਐਡਵੋਕੇਟ ਪ੍ਰਦੀਪ ਮਹਿਤਾ, ਐਡਵੋਕੇਟ ਪੂਜਾ ਨੇਗੀ (ਮਹਿਲਾ ਪ੍ਰਤੀਨਿਧੀ), ਐਡਵੋਕੇਟ ਦੀਪਤੀ ਮਾਰਵਾਹਾ (ਮਹਿਲਾ ਪ੍ਰਤੀਨਿਧੀ) ਆਦਿ ਬੈਠੇ ਸਨ। ਭੁੱਖ ਹੜਤਾਲ ’ਤੇ ਬੈਠੇ ਐਡਵੋਕੇਟ ਨਿਤਿਨ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐੱਲਏਡੀਸੀ ਪ੍ਰਣਾਲੀ ਕਾਰਨ ਨੌਜਵਾਨ ਵਕੀਲਾਂ ਅਤੇ ਭਵਿੱਖ ਵਿੱਚ ਵਕਾਲਤ ਦੇ ਖੇਤਰ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਵਕੀਲਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਈ ਵਕੀਲ ਵਕਾਲਤ ਛੱਡਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਜੇਕਰ ਸਰਕਾਰ ਨੇ ਜਲਦ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਇਹ ਸੰਘਰਸ਼ 24 ਘੰਟੇ ਦੀ ਭੁੱਖ ਹੜਤਾਲ, ਚੰਡੀਗੜ੍ਹ ਅਤੇ ਦਿੱਲੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਘਿਰਾਓ ਦੇ ਰੂਪ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਕਰਨਵੀਰ ਵਸ਼ਿਸ਼ਟ, ਐਡਵੋਕੇਟ ਮਾਧਵ ਪ੍ਰਾਸ਼ਰ, ਐਡਵੋਕੇਟ ਰਾਜਵੀਰ, ਐਡਵੋਕੇਟ ਪ੍ਰਿੰਸ ਕੌਸ਼ਲ, ਐਡਵੋਕੇਟ ਹਮੀਸ਼ ਕੁਮਾਰ, ਐਡਵੋਕੇਟ ਅਨਮੋਲਦੀਪ ਸਿੰਘ, ਐਡਵੋਕੇਟ ਟੇਕ ਸ਼ਰਨ ਸ਼ਰਮਾ (ਹੈਰੀ), ਐਡਵੋਕੇਟ ਪਿਯੂਸ਼ ਮੰਚੰਦਾ, ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਜੇਜੇਐੱਸ. ਅਰੋੜਾ, ਐਡਵੋਕੇਟ ਰਾਜਬੀਰ ਬਾਵਾ, ਐਡਵੋਕੇਟ ਸੰਦੀਪ ਸਿੰਘ ਵਾਲੀਆ, ਐਡਵੋਕੇਟ ਮਨਦੀਪ ਤੇਜ਼ੀ, ਐਡਵੋਕੇਟ ਐੱਮਆਰ. ਕਾਲੀਆ, ਐਡਵੋਕੇਟ ਐੱਨਐੱਸ. ਨੂਰ, ਐਡਵੋਕੇਟ ਪਰਮਜੀਤ ਸਿੰਘ ਲਿੱਧੜ, ਐਡਵੋਕੇਟ ਐੱਸਪੀਐੱਸ ਖਿੰਡਾ, ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਸੁਖਮਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।