ਐੱਲਏਡੀਸੀ ਨੀਤੀ ਦੇ ਵਿਰੋਧ ’ਚ ਸੜਕਾਂ ’ਤੇ ਉੱਤਰੇ ਵਕੀਲ ਐਲਏਡੀਸੀ ਨੀਤੀ ਦੇ ਵਿਰੋਧ ’ਚ ਵਕੀਲਾਂ ਦਾ ਗੁੱਸਾ ਸੜਕਾਂ ’ਤੇ ਫੁੱਟਿਆ
Publish Date: Mon, 27 Jul 2026 07:51 PM (IST)
Updated Date: Mon, 27 Jul 2026 07:51 PM (IST)
ਨੀਤੀ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ : ਐਡ. ਸੰਧਾ/ਐਡ. ਸ਼ੈਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਲਏਡੀਸੀ ਨੀਤੀ ਦੇ ਵਿਰੋਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਵਕੀਲਾਂ ਵੱਲੋਂ ਚਲਾਈ ਜਾ ਰਹੀ ਹੜਤਾਲ ਦੌਰਾਨ ਵਕੀਲ ਭਾਈਚਾਰੇ ਦਾ ਰੋਸ ਦਿਨੋਂ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਕਰੀਬ 20 ਦਿਨਾਂ ਤੋਂ ਚੱਲ ਰਹੀ ਲੰਬੀ ਹੜਤਾਲ ਦੇ ਬਾਵਜੂਦ ਸਰਕਾਰ ਵੱਲੋਂ ਮਸਲੇ ਦਾ ਹੱਲ ਨਾ ਕੀਤੇ ਜਾਣ ਤੋਂ ਖਫ਼ਾ ਵਕੀਲਾਂ ਨੇ ਅੱਜ ਸੜਕਾਂ ’ਤੇ ਉਤਰ ਕੇ ਸਰਕਾਰ ਤੇ ਐੱਲਏਡੀਸੀ ਨੀਤੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ ਦੀ ਅਗਵਾਈ ਹੇਠ ਸਮੂਹ ਵਕੀਲਾਂ ਵੱਲੋਂ ਪਹਿਲਾਂ ਬਾਰ ਰੂਮ ਵਿੱਚ ਮੀਟਿੰਗ ਕੀਤੀ ਗਈ। ਇਸ ਉਪਰੰਤ ਵਕੀਲਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ ਤੇ ਤਲਵੰਡੀਪੁਰ ਚੌਂਕ ਵਿਖੇ ਪਹੁੰਚ ਕੇ ਧਰਨਾ ਦਿੱਤਾ। ਇਸ ਦੌਰਾਨ ਵਕੀਲਾਂ ਨੇ ਐੱਲਏਡੀਸੀ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਕਿਹਾ ਕਿ ਐੱਲਏਡੀਸੀ ਸਿਸਟਮ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੀਤੀ ਨੂੰ ਲਾਗੂ ਕਰਕੇ ਵਕੀਲਾਂ ਦੇ ਹੱਕਾਂ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਪ੍ਰਭਾਵ ਪਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦਾ ਸੰਘਰਸ਼ ਕਿਸੇ ਵੀ ਹਾਲਤ ਵਿੱਚ ਨਹੀਂ ਝੁਕੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਇਹ ਨੀਤੀ ਸੂਬੇ ਵਿੱਚ ਅਪਰਾਧ ਨੂੰ ਹੱਲਾਸ਼ੇਰੀ ਦੇਣ ਵਾਲੀ ਸਾਬਤ ਹੋ ਸਕਦੀ ਹੈ। ਜੇਕਰ ਅਪਰਾਧੀਆਂ ਨੂੰ ਕਾਨੂੰਨੀ ਪ੍ਰਕਿਰਿਆ ਦੀ ਗੰਭੀਰਤਾ ਦਾ ਅਹਿਸਾਸ ਨਾ ਰਿਹਾ ਤਾਂ ਸਮਾਜ ਵਿੱਚ ਕਾਨੂੰਨ ਦਾ ਡਰ ਖ਼ਤਮ ਹੋਣ ਦਾ ਖ਼ਤਰਾ ਹੈ, ਜਿਸ ਦੇ ਨਤੀਜੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਬੇਹੱਦ ਘਾਤਕ ਹੋ ਸਕਦੇ ਹਨ। ਇਸ ਮੌਕੇ ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ, ਐਡਵੋਕੇਟ ਸਤਵੀਰ ਮਹੀਪਾਲ, ਐਡਵੋਕੇਟ ਸਤਨਾਮ ਸਿੰਘ ਮੋਮੀ ਅਤੇ ਹੋਰ ਵਕੀਲਾਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਐੱਲਏਡੀਸੀ ਨੀਤੀ ਦਾ ਪ੍ਰਭਾਵ ਸਿਰਫ਼ ਵਕੀਲ ਭਾਈਚਾਰੇ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਦਾ ਸਿੱਧਾ ਖਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਵਕੀਲ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਸਮੂਹ ਵਕੀਲ ਭਾਈਚਾਰੇ ਨੇ ਐੱਲਏਡੀਸੀ ਸਿਸਟਮ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਨੀਤੀ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਦੀ, ਉਦੋਂ ਤੱਕ ਹੜਤਾਲ ਤੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ, ਸ਼ੈਲ ਪ੍ਰਭਾਕਰ ਸਕੱਤਰ ਬਾਰ ਐਸੋਸੀਏਸ਼ਨ, ਐਡ ਕੇਹਰ ਸਿੰਘ, ਐਡ ਸੁੱਚਾ ਸਿੰਘ ਮੋਮੀ, ਐਡ ਤਾਰਾ ਚੰਦ ਉੱਪਲ, ਐਡ ਭੁਪਿੰਦਰ ਸਿੰਘ, ਐਡ ਸਤਨਾਮ ਸਿੰਘ ਮੋਮੀ, ਐਡ ਇੰਦਰਜੀਤ ਸਿੰਘ ਥਿੰਦ, ਐਡ ਰਜਿੰਦਰ ਸਿੰਘ ਰਾਣਾ, ਐਡ ਗੁਰਮੀਤ ਸਿੰਘ ਢਿੱਲੋਂ, ਐਡ ਮਲਕੀਤ ਸਿੰਘ ਥਿੰਦ, ਐਡ ਬਲਵਿੰਦਰ ਸਿੰਘ ਮੋਮੀ, ਐਡ ਸਤਬੀਰ ਮਹੀਵਾਲ, ਐਡ ਤਰੁਨ ਕੰਬੋਜ, ਐਡ ਰਾਜਵਿੰਦਰ ਕੌਰ ਸੰਧਾ, ਐਡ ਗੁਰਮੇਲ ਸਿੰਘ ਥਿੰਦ, ਐਡ ਸੁਖਵਿੰਦਰ ਸਿੰਘ, ਐਡ ਹਰਮਨਪ੍ਰੀਤ ਸਿੰਘ, ਐਡ ਅਨਮੋਲ ਸਿੰਘ ਧੰਜੂ, ਐਡ ਸੁਖਵਿੰਦਰ ਸਿੰਘ ਮੁੱਤੀ, ਐਡ ਹਰਮਨਪ੍ਰੀਤ ਸਿੰਘ, ਐਡ ਰਾਜਵਿੰਦਰ ਕੌਰ, ਐਡ ਰੂਬੀ ਸ਼ਰਮਾ, ਐਡ ਹਰਪ੍ਰੀਤ ਸਿੰਘ ਸਹੋਤਾ, ਐਡ ਲਵਪ੍ਰੀਤ ਸਿੰਘ, ਐਡ ਜਗਦੀਸ਼ ਸਿੰਘ ਸੋਢੀ, ਐਡ ਰਮਨਦੀਪ ਕੌਰ, ਐਡ ਆਕਾਸ਼ਦੀਪ ਸਿੰਘ, ਐਡ ਆਸੂਤੋਸ਼ ਪਾਲ, ਐਡ ਰਾਮ ਸਿੰਘ ਥਿੰਦ ,ਐਡ ਗੁਰਮੀਤ ਸਿੰਘ ਵਿਰਦੀ, ਦਿਲਬਾਗ ਸਿੰਘ ਪ੍ਰਧਾਨ ਕਲਰਕ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਕੁਲਦੀਪ ਸਿੰਘ ਚੀਦਾ, ਐਡ ਵਿਕਾਸ ਕੁਮਾਰ ਆਦਿ ਵੀ ਹਾਜ਼ਰ ਸਨ।