- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
"ਰਕਤਬੀਜ ਆਦਮੀ ਹੈ" ਦਾ ਵਿਮੋਚਨ ਅਤੇ ਬੀਜ ਕਵਿਤਾ 'ਤੇ ਗੰਭੀਰ ਚਰਚਾ

ਬੀਜ ਕਵਿਤਾ 'ਤੇ ਕੀਤੀ ਗੰਭੀਰ ਚਰਚਾ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਦੋਆਬਾ ਸਾਹਿਤ ਤੇ ਕਲਾ ਅਕਾਦਮੀ ਵੱਲੋਂ ਬੀਤੇ ਦਿਨ ਗਊਸ਼ਾਲਾ ਰੋਡ ਫਗਵਾੜਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਅਕਾਦਮੀ ਦੇ ਪ੍ਰਧਾਨ ਡਾ. ਜਵਾਹਰ ਧੀਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਵਿਨੋਦ ਕੁਮਾਰ ਸ਼ਰਮਾ ਸ਼ਾਮਲ ਹੋਏ। ਇਸ ਸਮਾਗਮ ਵਿੱਚ ਬੀਜ ਕਵਿਤਾ 'ਤੇ ਮੌਜੂਦ ਵੱਖ-ਵੱਖ ਬੁੱਧੀਜੀਵੀਆਂ ਨੇ ਚਰਚਾ ਵਿੱਚ ਹਿੱਸਾ ਲਿਆ।
ਸਮਾਗਮ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਜਨਮੇ ਤੇ ਵਰਤਮਾਨ ਵਿੱਚ ਕੈਨੇਡਾ ਨਿਵਾਸੀ ਸ਼੍ਰੋਮਣੀ ਸਾਹਿਤਕਾਰ ਤੇ ਬੀਜ ਕਵਿਤਾ ਦੇ ਪ੍ਰਣੇਤਾ ਪ੍ਰੋ. ਮੋਹਨ ਸਪਰਾ ਦੀ ਪੁਸਤਕ ‘ਰਕਤਬੀਜ ਆਦਮੀ ਹੈ’ 'ਤੇ ਪ੍ਰੋ. ਵਿਨੋਦ ਕੁਮਾਰ ਸ਼ਰਮਾ ਤੇ ਆਤਮਾਰਾਮ ਬਾਰੂਪਾਲ ਦੁਆਰਾ ਸੰਪਾਦਿਤ ਪੁਸਤਕ ‘ਰਕਤਬੀਜ ਆਦਮੀ ਹੈ ਕ.ਖ.ਗ.’ ਦਾ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਠਾਕੁਰ ਦਾਸ ਚਾਵਲਾ, ਡਾ. ਜਵਾਹਰ ਧੀਰ, ਡਾ. ਅਜੇ ਸ਼ਰਮਾ, ਤਰਸੇਮ ਗੁਜਰਾਲ, ਡਾ. ਯਸ਼ ਚੋਪੜਾ ਆਦਿ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਪ੍ਰੋ. ਵਿਨੋ ਸ਼ਰਮਾ ਨੇ ਬੀਜ ਕਵਿਤਾ 'ਤੇ ਬੋਲਦਿਆਂ ਕਿਹਾ ਕਿ ‘ਬੀਜ ਕਵਿਤਾ ਇੱਕ ਨਵੀਂ ਸੰਕਲਪਨਾ ਹੈ। ਜਿਵੇਂ ਰੁੱਖ ਦਾ ਫਲ ਬੀਜ ਦਾ ਹੀ ਪ੍ਰਤੀਫਲ ਹੈ, ਉਵੇਂ ਹੀ ਕਵਿਤਾ ਵਿਚਾਰ ਰੂਪੀ ਬੀਜ ਦਾ ਪ੍ਰਸਫੁਟਨ ਬਣ ਕੇ ਸਾਹਮਣੇ ਆਉਂਦੀ ਹੈ। ਬੀਜ ਕਵਿਤਾ ਵਿੱਚ ਜੀਵੰਤ ਸੱਚ, ਭੋਗਿਆ ਹੋਇਆ ਅਨੁਭਵ ਤੇ ਕਠਿਨ ਸਾਧਨਾ ਹੁੰਦੀ ਹੈ ਜੋ ਸਮੇਂ ਦੇ ਨਾਲ ਨਵੇਂ ਅਰਥਾਂ ਵਿੱਚ ਅੰਕੁਰਿਤ ਹੁੰਦੀ ਹੈ।’
ਬੀਜ ਕਵਿਤਾ 'ਤੇ ਚਰਚਾ ਵਿੱਚ ਡਾ. ਅਜੇ ਸ਼ਰਮਾ ਤੇ ਤਰਸੇਮ ਗੁਜਰਾਲ ਨੇ ਕਿਹਾ ਕਿ ਮੋਹਨ ਸਪਰਾ ਦੁਆਰਾ ਬੀਜ ਕਵਿਤਾ ਦਾ ਪ੍ਰਣੇਤਾ ਬਣਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਕਵਿਤਾ ਰੂਪੀ ਰੁੱਖ ਦੀਆਂ ਨਵੀਆਂ ਸ਼ਾਖਾਵਾਂ ਫੁੱਟਣ ਲੱਗੀਆਂ ਹਨ। ਚਰਚਾ ਵਿੱਚ ਕਵੀ ਦਿਲੀਪ ਕੁਮਾਰ ਪਾਂਡੇ, ਰਵਿੰਦਰ ਸਿੰਘ ਚੋਟ, ਠਾਕੁਰ ਦਾਸ ਚਾਵਲਾ, ਰਾਜੇਸ਼ ਅਧਿਆਏ, ਡਾ. ਯਸ਼ ਚੋਪੜਾ ਆਦਿ ਨੇ ਵੀ ਹਿੱਸਾ ਲਿਆ। ਸਮਾਗਮ ਨੂੰ ਗੀਤ-ਸੰਗੀਤ ਵਿੱਚ ਢਾਲਣ ਦਾ ਕੰਮ ਪੰਜਾਬੀ ਕਵੀ ਸੁਖਦੇਵ ਸਿੰਘ ਗੰਡਵਾਂ, ਹਰਚਰਨ ਭਾਰਤੀ, ਰਵਿੰਦਰ ਸਿੰਘ ਰਾਏ, ਨਿਰਵੈਰ ਸਿੰਘ ਨੰਧਾ ਨੇ ਕੀਤਾ, ਜਿਸਨੂੰ ਹਾਜ਼ਰ ਸਰੋਤਿਆਂ ਨੇ ਭਰਪੂਰ ਸਰਾਹਿਆ।
ਇਸ ਮੌਕੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ, ਪੱਤਰਕਾਰ ਸ਼ਿਵ ਕੌੜਾ, ਬ੍ਰਹਮ ਦੱਤ, ਓਮ ਪ੍ਰਕਾਸ਼ ਕਮਲ ਆਦਿ ਵੀ ਹਾਜ਼ਰ ਸਨ।