ਬਰਨਾਲਾ ’ਚ ਸਫਾਈ ਸੇਵਕਾਂ ’ਤੇ ਲਾਠੀਚਾਰਜ ਅਤਿ ਨਿੰਦਣਯੋਗ : ਜੋਸਨ ਬਰਨਾਲਾ ’ਚ ਸਫਾਈ ਸੇਵਕਾਂ ’ਤੇ ਲਾਠੀਚਾਰਜ ਅਤਿ ਨਿੰਦਣਯੋਗ : ਜੋਸਨ
Publish Date: Sat, 25 Jul 2026 07:37 PM (IST)
Updated Date: Sat, 25 Jul 2026 07:37 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜੋਸਨ ਨੇ ਬਰਨਾਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਫਾਈ ਸੇਵਕਾਂ ’ਤੇ ਪੁਲਿਸ ਵੱਲੋਂ ਕੀਤੀ ਗਈ ਬੇਰਹਿਮ ਕਾਰਵਾਈ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ‘ਬਦਲਾਅ’ ਦੇ ਨਾਅਰੇ ਨਾਲ ਸੱਤਾ ਹਾਸਲ ਕੀਤੀ ਸੀ, ਉਸੇ ਸਰਕਾਰ ਦੇ ਰਾਜ ਵਿੱਚ ਅੱਜ ਆਪਣੇ ਹੱਕਾਂ ਦੀ ਮੰਗ ਕਰਨਾ ਵੀ ਗੁਨਾਹ ਬਣ ਗਿਆ ਹੈ। ਇਹ ਲੋਕਤੰਤਰ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਇੰਦਰਜੀਤ ਸਿੰਘ ਜੋਸਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਬਰਨਾਲਾ ਵਿੱਚ ਸਫਾਈ ਸੇਵਕ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ, ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਸਫਾਈ ਕੰਮ ਦੌਰਾਨ ਉਨ੍ਹਾਂ ਨੂੰ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਜਾਣ। ਇਹ ਸਾਰੀਆਂ ਮੰਗਾਂ ਬਿਲਕੁਲ ਜਾਇਜ਼ ਅਤੇ ਮਨੁੱਖੀ ਹੱਕਾਂ ਨਾਲ ਸਬੰਧਤ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਏ ਲਾਠੀ ਦਾ ਰਾਹ ਅਪਣਾਇਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ’ਤੇ ਲਾਠੀਚਾਰਜ ਕੀਤਾ, ਜਿਸ ਵਿੱਚ ਕਈ ਸੇਵਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਕਈਆਂ ਦੀਆਂ ਹੱਡੀਆਂ ਤੱਕ ਟੁੱਟ ਗਈਆਂ ਹਨ। ਇਹ ਘਟਨਾ ਸਾਬਤ ਕਰਦੀ ਹੈ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਅਤੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦੀ। ਜੋਸਨ ਨੇ ਕਿਹਾ ਕਿ ਲੋਕਤੰਤਰੀ ਪ੍ਰਬੰਧ ਵਿੱਚ ਹਰ ਨਾਗਰਿਕ ਅਤੇ ਮੁਲਾਜ਼ਮ ਨੂੰ ਆਪਣੀਆਂ ਹੱਕੀ ਮੰਗਾਂ ਉਠਾਉਣ ਦਾ ਸੰਵਿਧਾਨਕ ਅਧਿਕਾਰ ਹੈ। ਧਰਨਾ ਦੇਣਾ, ਪ੍ਰਦਰਸ਼ਨ ਕਰਨਾ ਅਤੇ ਸਰਕਾਰ ਅੱਗੇ ਆਪਣੀ ਗੱਲ ਰੱਖਣਾ ਲੋਕਤੰਤਰ ਦਾ ਅਹਿਮ ਹਿੱਸਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ‘ਆਪ’ ਸਰਕਾਰ ਇਸ ਅਧਿਕਾਰ ਨੂੰ ਵੀ ਦਬਾਉਣ ’ਤੇ ਤੁਲੀ ਹੋਈ ਹੈ। ਜਿਸ ਸਰਕਾਰ ਨੇ ਖੁਦ ਅੰਦੋਲਨਾਂ ਦੇ ਸਹਾਰੇ ਸੱਤਾ ਹਾਸਲ ਕੀਤੀ, ਅੱਜ ਉਹੀ ਸਰਕਾਰ ਅੰਦੋਲਨਕਾਰੀਆਂ ’ਤੇ ਡੰਡੇ ਵਰਸਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਸੇਵਕਾਂ ਸਮੇਤ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਟਕਰਾਅ ਦੀ ਨੀਤੀ ਤੁਰੰਤ ਛੱਡੀ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਬੈਠ ਕੇ ਗੱਲਬਾਤ ਕਰੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੱਢੇ। ਲਾਠੀਚਾਰਜ ਵਿੱਚ ਜ਼ਖਮੀ ਹੋਏ ਸਫਾਈ ਸੇਵਕਾਂ ਦਾ ਮੁਫਤ ਇਲਾਜ ਕਰਵਾਇਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਲੋਕਤੰਤਰੀ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ। ਇਸ ਮੌਕੇ ਇੰਦਰਜੀਤ ਸਿੰਘ ਜੋਸਨ, ਬਲਜੀਤ ਸਿੰਘ ਬੱਲੀ, ਸਾਬਕਾ ਸੰਮਤੀ ਮੈਂਬਰ ਬਿਕਰਮਜੀਤ ਸਿੰਘ ਜੋਸਨ, ਮਨਜੀਤ ਸਿੰਘ ਗੋਲਡੀ ਸਰਪੰਚ, ਬਲਵਿੰਦਰ ਸਿੰਘ ਤੁੜ, ਫਿੱਕਾ ਤਲਵੰਡੀ ਚੌਧਰੀਆਂ ਆਦਿ ਵੀ ਹਾਜ਼ਰ ਸਨ।