ਪੁਲ ’ਤੇ ਫੈਲੀਆਂ ਜੜ੍ਹਾਂ ਬਣ ਸਕਦੀਆਂ ਹਾਦਸੇ ਦਾ ਕਾਰਨ : ਵਾਲੀਆ ਕੌਮੀ ਰਾਜ ਮਾਰਗ ਦੇ ਪੁਲ ’ਤੇ ਉੱਗੇ ਵੱਡੇ ਦਰੱਖਤ, ਚਾਰੇ ਪਾਸੇ ਫੈਲੀਆਂ ਜੜ੍ਹਾਂ ਬਣ ਸਕਦੀਆਂ ਹਨ ਵੱਡੇ ਹਾਦਸੇ ਦਾ ਕਾਰਨ,ਬੰਟੀ ਵਾਲੀਆ
Publish Date: Sat, 28 Nov 2026 06:42 PM (IST)
Updated Date: Sat, 28 Nov 2026 06:43 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਵਿੱਚ ਜੇਸੀਟੀ ਮਿੱਲ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਲੰਘਦੇ ਕੌਮੀ ਰਾਜ ਮਾਰਗ ਦੇ ਪੁਲ ਦੀ ਮਾੜੀ ਹਾਲਤ ਤੇ ਇਸ ਉੱਪਰ ਉੱਗੇ ਵੱਡੇ ਦਰੱਖਤਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲ ਦੇ ਵਿਚਕਾਰੋਂ ਉੱਗੇ ਕਈ ਵੱਡੇ ਦਰੱਖਤਾਂ ਦੀਆਂ ਜੜ੍ਹਾਂ ਚਾਰੇ ਪਾਸੇ ਫੈਲ ਚੁੱਕੀਆਂ ਹਨ, ਜੋ ਆਉਣ ਵਾਲੇ ਸਮੇਂ ਵਿੱਚ ਪੁਲ ਦੀ ਬਣਤਰ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਸਕਦੀਆਂ ਹਨ। ਇਸ ਸਥਿਤੀ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਕੌਮੀ ਰਾਜ ਮਾਰਗ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਟੋਲ ਟੈਕਸ ਦੇ ਰੂਪ ਵਿੱਚ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ, ਉਸੇ ਮਾਰਗ ਦੇ ਪੁਲਾਂ ਦੀ ਸਾਂਭ-ਸੰਭਾਲ ਵੱਲ ਕਥਿਤ ਤੌਰ ’ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਪੁਲ ਦੇ ਵਿਚਕਾਰ ਉੱਗੇ ਦਰੱਖਤ ਤੇ ਉਨ੍ਹਾਂ ਦੀਆਂ ਫੈਲੀਆਂ ਜੜ੍ਹਾਂ ਸਾਫ਼ ਦਰਸਾਉਂਦੀਆਂ ਹਨ ਕਿ ਲੰਮੇ ਸਮੇਂ ਤੋਂ ਇਸ ਦੀ ਲੋੜੀਂਦੀ ਦੇਖਰੇਖ ਨਹੀਂ ਕੀਤੀ ਗਈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲ ਦੀ ਬਣਤਰ ਨੂੰ ਦਰੱਖਤਾਂ ਦੀਆਂ ਜੜ੍ਹਾਂ ਕਾਰਨ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਤੋਂ ਬਾਅਦ ਹੀ ਸਬੰਧਤ ਅਧਿਕਾਰੀਆਂ ਦੀ ਨੀਂਦ ਖੁੱਲ੍ਹੇਗੀ? ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦਾ ਤੁਰੰਤ ਤਕਨੀਕੀ ਨਿਰੀਖਣ ਕਰਵਾਇਆ ਜਾਵੇ, ਉੱਗੇ ਦਰੱਖਤਾਂ ਤੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਮਾਹਿਰਾਂ ਦੀ ਦੇਖਰੇਖ ਹੇਠ ਹਟਾਇਆ ਜਾਵੇ ਤੇ ਪੁਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਸ਼ਹਿਰ ਦੇ ਜੇਸੀਟੀ ਮਿੱਲ ਰੇਲਵੇ ਸਟੇਸ਼ਨ ਦੇ ਨਜ਼ਦੀਕ ਕੌਮੀ ਰਾਜਮਾਰਗ ’ਤੇ ਬਣੇ ਪੁਲ ਦੀ ਮਾੜੀ ਹਾਲਤ ਤੇ ਪੁਲ ਦੇ ਵਿਚਕਾਰ ਉੱਗੇ ਵੱਡੇ ਰੁੱਖਾਂ ਦੀ ਸਮੇਂ ਸਿਰ ਕਟਾਈ ਨਾ ਹੋਣ ਨੂੰ ਲੈ ਕੇ ਇਲਾਕਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕੌਮੀ ਰਾਜਮਾਰਗ ਅਥਾਰਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੌਮੀ ਰਾਜਮਾਰਗ ਅਥਾਰਟੀ ਵੱਲੋਂ ਰੋਜ਼ਾਨਾ ਟੋਲ ਟੈਕਸ ਦੇ ਰੂਪ ਵਿੱਚ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ, ਪਰ ਇਸ ਦੇ ਬਾਵਜੂਦ ਸੜਕਾਂ, ਪੁਲਾਂ ਦੀ ਸਾਂਭ-ਸੰਭਾਲ, ਸਫ਼ਾਈ ਤੇ ਮੁਰੰਮਤ ਦੇ ਪ੍ਰਬੰਧ ਬੇਹੱਦ ਨਿਰਾਸ਼ਾਜਨਕ ਹਨ। ਪੁਲ ਉੱਤੇ ਉੱਗੇ ਵੱਡੇ ਰੁੱਖ ਤੇ ਉਨ੍ਹਾਂ ਦੀਆਂ ਚਾਰੇ ਪਾਸੇ ਫੈਲੀਆਂ ਜੜ੍ਹਾਂ ਨਾ ਸਿਰਫ਼ ਪੁਲ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੀਆਂ ਹਨ, ਸਗੋਂ ਇਹ ਪੁਲ ਦੀ ਮਜ਼ਬੂਤੀ ਤੇ ਰਾਹਗੀਰਾਂ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹਨ।