- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੇੜੂ ਤੋਂ ਚਹੇੜੂ ਰੋਡ 'ਤੇ ਵੱਡੇ-ਵੱਡੇ ਖੱਡੇ ਬਣੇ ਵੱਡੀ ਪਰੇਸ਼ਾਨੀ ਦਾ ਕਾਰਨ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਮਹੇੜੂ ਤੋਂ ਚਹੇੜੂ ਨੂੰ ਜਾਣ ਵਾਲੀ ਮੁੱਖ ਸੜਕ ਇਸ ਸਮੇਂ ਆਪਣੀ ਬਦਹਾਲ ਹਾਲਤ ਕਾਰਨ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਸੜਕ ’ਤੇ ਜਗ੍ਹਾ-ਜਗ੍ਹਾ ਪਏ ਵੱਡੇ-ਵੱਡੇ ਟੋਏ ਹਰ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਸਰਕਾਰੀ ਸਕੂਲ ਦੇ ਬਿਲਕੁਲ ਲਾਗੇ ਸੜਕ ’ਤੇ ਵਿਛੇ ਹੋਏ ਪੱਥਰ ਦੇ ਟੁਕੜੇ ਵੀ ਆਉਣ-ਜਾਣ ਵਾਲਿਆਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਦੋਪਹੀਆ ਵਾਹਨ ਚਾਲਕਾਂ, ਸਕੂਲੀ ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਇਸ ਟੁੱਟੀ ਸੜਕ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਸੜਕ ’ਤੇ ਕੀਤੇ ਗਏ ਕੱਟਾਂ ਨੂੰ ਭਰਨ ਲਈ ਪਾਏ ਗਏ ਵੱਟੇ ਹੁਣ ਉੱਖੜ ਚੁੱਕੇ ਹਨ ਅਤੇ ਉਨ੍ਹਾਂ ਦੀ ਥਾਂ ਡੂੰਘੇ ਟੋਏ ਬਣ ਗਏ ਹਨ। ਬਰਸਾਤ ਦੇ ਦਿਨਾਂ ’ਚ ਇਨ੍ਹਾਂ ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ, ਜਿਸ ਨਾਲ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਸੜਕ ਦੀ ਇਹ ਹਾਲਤ ਪ੍ਰਸ਼ਾਸਨ ਦੀ ਕਾਰਜਸ਼ੀਲਤਾ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ।
ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹੇੜੂ-ਚਹੇੜੂ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਖੱਡਿਆਂ ਨੂੰ ਪੱਕੇ ਤੌਰ ’ਤੇ ਭਰਿਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਜਿੱਥੇ ਇਨ੍ਹਾਂ ਟੋਇਆਂ ਕਾਰਨ ਰਾਹਗੀਰ ਭਾਰੀ ਪਰੇਸ਼ਾਨ ਹਨ, ਉੱਥੇ ਮਹੇੜੂ ਤੋਂ ਚਹੇੜੂ ਵਾਲੇ ਰਸਤੇ ’ਤੇ ਸਰਕਾਰੀ ਸਕੂਲ ਵੀ ਹੈ ਅਤੇ ਛੋਟੇ-ਛੋਟੇ ਬੱਚੇ ਵੀ ਸਕੂਲੇ ਆਉਣ-ਜਾਣ ਲਈ ਭਾਰੀ ਪਰੇਸ਼ਾਨੀ ਝੇਲਦੇ ਹਨ। ਇਹੀ ਨਹੀਂ ਸਗੋਂ ਜਦੋਂ ਇਨ੍ਹਾਂ ਟੋਇਆਂ ਕਰ ਕੇ ਇਸ ਸੜਕ ’ਤੇ ਵਾਹਨ ਧੀਮੀ ਗਤੀ ਵਿੱਚ ਆਉਂਦੇ ਹਨ ਤਾਂ ਉਦੋਂ ਦੇਰ ਰਾਤ ਲੁੱਟਾ-ਖੋਹਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ।