ਵਿਰੋਧੀਆਂ ਦੀ ਹਿੱਕ ‘ਚ ਕਿੱਲ ਬਣੇਗੀ ਮੋਗਾ ਰੈਲੀ : ਲੱਕੀ ਸਰਵਟਾ ਵਿਰੋਧੀਆਂ ਦੀ ਹਿੱਕ ‘ਚ ਕਿੱਲ ਬਣੇਗੀ ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ—ਲੱਕੀ ਸਰਵਟਾ
Publish Date: Tue, 24 Nov 2026 07:54 PM (IST)
Updated Date: Tue, 24 Nov 2026 07:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਲਿਤ ਵਿਕਾਸ ਬੋਰਡ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਵਿਖੇ ਬੋਰਡ ਦੇ ਪੰਜਾਬ ਚੇਅਰਮੈਨ ਵੀਰੇਸ਼ ਵਿਜੇ ਦਾਨਵ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐੱਸਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਤੇ ਐੱਸਸੀ ਵਿੰਗ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬੋਰਡ ਚੇਅਰਮੈਨ ਤੇ ਵਾਈਸ ਚੇਅਰਮੈਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ‘ਚ ਹਿੱਸਾ ਲੈਣ ਉਪਰੰਤ ਫਗਵਾੜਾ ਵਿਖੇ ਗੱਲਬਾਤ ਕਰਦਿਆਂ ਦਲਿਤ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਦੇ ਵਾਈਸ ਚੇਅਰਮੈਨ ਲੱਕੀ ਸਰਵਟਾ ਨੇ ਦੱਸਿਆ ਕਿ ਮੀਟਿੰਗ ਦੌਰਾਨ 26 ਨਵੰਬਰ ਨੂੰ ਮੋਗਾ ਵਿਖੇ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ‘ਖੁਸ਼ਹਾਲ ਪੰਜਾਬ’ ਮਹਾਰੈਲੀ ਨੂੰ ਸਫਲ ਬਨਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬੋਰਡ ਚੇਅਰਮੈਨ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਹੇਠ ਮੋਗਾ ਰੈਲੀ ‘ਚ ਪੰਜਾਬ ਭਰ ਤੋਂ ਐੱਸਸੀ ਭਾਈਚਾਰਾ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰੇਗਾ। ਜ਼ਿਲ੍ਹਾ ਕਪੂਰਥਲਾ ਤੋਂ ਵੀ ਵੱਡੀ ਗਿਣਤੀ ‘ਚ ਭਾਈਚਾਰੇ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਲੱਕੀ ਸਰਵਟਾ ਨੇ ਕਿਹਾ ਕਿ ਮੋਗਾ ਰੈਲੀ ਵਿੱਚ ਪੰਜਾਬੀਆਂ ਦਾ ਇਕੱਠ ਵਿਰੋਧੀਆਂ ਦੇ ਹਿੱਕ ਦਾ ਕਿੱਲ ਬਣੇਗਾ। 26 ਨਵੰਬਰ ਦੀ ਰੈਲੀ ਇਸ ਗੱਲ ਦੀ ਤਸਦੀਕ ਬਣੇਗੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਰਿਕਾਰਡ ਜਿੱਤ ਦਰਜ ਕਰਕੇ ਸੱਤਾ ‘ਚ ਵਾਪਸੀ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਦਲਿਤ ਵਿਕਾਸ ਬੋਰਡ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਪਾਰਟੀ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਏਗਾ ਤੇ ਭਗਵੰਤ ਸਿੰਘ ਮਾਨ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਆਪਣਾ ਯੋਗਦਾਨ ਪਾਵੇਗਾ।