ਭੱਲਾ ਨੇ ਕਾਂਗਰਸ ਛੱਡੀ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਕੁਲਵੰਤ ਰਾਏ ਭੱਲਾ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
Publish Date: Mon, 28 Sep 2026 08:42 PM (IST)
Updated Date: Mon, 28 Sep 2026 08:45 PM (IST)
--ਸਾਬਕਾ ਸਰਪੰਚ ਥਿਗਲੀ ਨੇ ਆਜ਼ਾਦ ਤੌਰ ’ਤੇ ਕੰਮ ਕਰਨ ਦਾ ਕੀਤਾ ਐਲਾਨ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਤੇ ਪਿੰਡ ਥਿਗਲੀ ਦੇ ਸਾਬਕਾ ਸਰਪੰਚ ਕੁਲਵੰਤ ਰਾਏ ਭੱਲਾ ਨੇ ਪਾਰਟੀ ਦੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਕੁਲਵੰਤ ਰਾਏ ਭੱਲਾ ਨੇ ਕਾਂਗਰਸ ਪਾਰਟੀ ਨਾਲੋਂ ਆਪਣਾ ਨਾਤਾ ਤੋੜਦਿਆਂ ਹੁਣ ਆਜ਼ਾਦ ਤੌਰ ’ਤੇ ਕੰਮ ਕਰਨ ਦੀ ਗੱਲ ਆਖੀ ਹੈ। ਕੁਲਵੰਤ ਰਾਏ ਭੱਲਾ ਨੇ ਕਿਹਾ ਕਿ ਉਨ੍ਹਾਂ ਨੇ ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਨਾਲ ਜੁੜ ਕੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਤੇ ਜਥੇਬੰਦਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਉਹ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਪਾਰਟੀ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੇ ਕਾਂਗਰਸ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਆਜ਼ਾਦ ਤੌਰ ’ਤੇ ਕੰਮ ਕਰਨ ਦਾ ਐਲਾਨ ਕਰਨ ਮੌਕੇ ਸਾਬਕਾ ਸਰਪੰਚ ਕੁਲਵੰਤ ਰਾਏ ਭੱਲਾ ਨੇ ਕਿਹਾ ਕਿ ਅੱਗੇ ਤੋਂ ਉਹ ਕਿਸੇ ਸਿਆਸੀ ਪਾਰਟੀ ਦੇ ਅਹੁਦੇਦਾਰ ਵਜੋਂ ਕੰਮ ਕਰਨ ਦੀ ਬਜਾਏ ਆਜ਼ਾਦ ਤੌਰ ’ਤੇ ਲੋਕਾਂ ਨਾਲ ਜੁੜ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਪਹਿਲਾਂ ਵਾਂਗ ਸੰਪਰਕ ਵਿੱਚ ਰਹਿਣਗੇ ਤੇ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪੱਧਰੀ ਸੰਗਠਨ ਵਿੱਚ ਇੱਕ ਅਹਿਮ ਤਬਦੀਲੀ ਆਈ ਹੈ। ਕੁਲਵੰਤ ਰਾਏ ਭੱਲਾ ਵੱਲੋਂ ਪਾਰਟੀ ਛੱਡਣ ਤੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਵੀ ਇਸ ਫ਼ੈਸਲੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ, ਹਾਲਾਂਕਿ ਕੁਲਵੰਤ ਰਾਏ ਭੱਲਾ ਨੇ ਆਪਣੇ ਅਸਤੀਫ਼ੇ ਦੇ ਪਿੱਛੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਆਗੂ ਦਾ ਨਾਮ ਲੈਂਦਿਆਂ ਕੋਈ ਦੋਸ਼ ਨਹੀਂ ਲਗਾਇਆ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਤੇ ਉਹ ਹੁਣ ਆਜ਼ਾਦ ਤੌਰ ’ਤੇ ਲੋਕ ਸੇਵਾ ਨਾਲ ਜੁੜੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਮੇਜਰ ਚੰਦ, ਲਖਬੀਰ, ਭਜਨ ਰਾਮ ਲੰਬਰਦਾਰ, ਜੋਗਿੰਦਰ ਸਿੰਘ, ਕਿਰਪਾਲ ਸਿੰਘ ਲੰਬੜਦਾਰ, ਸਤਨਾਮ ਸਿੰਘ, ਮਨੀ ਪੰਡਿਤ, ਸਰਬਜੀਤ ਸਿੰਘ, ਸੁਰਜੀਤ ਕੁਮਾਰ, ਲਾਡੀ ਕਾਹਲਵਾਂ, ਸ਼ਾਮ ਲਾਲ, ਰੌਸ਼ਨ ਲਾਲ, ਕਿੰਦਾ ਕਾਹਲਵਾਂ, ਮੰਗਤ ਰਾਮ, ਲਵ ਕਰਨ ਢਿੱਲੋਂ ਤੇ ਰਜੇਸ਼ ਸ਼ਰਮਾ ਆਦਿ ਨੇ ਸਹਿਮਤੀ ਪ੍ਰਗਟ ਕੀਤੀ।