ਕ੍ਰਿਭਕੋ ਮੈਂਬਰ ਸਹਿਕਾਰੀ ਸਭਾਵਾਂ ਨੂੰ ਦੇਵੇਗੀ 20 ਫੀਸਦ ਲਾਭਅੰਸ਼ ਕ੍ਰਿਭਕੋ ਦੀ 46ਵੀਂ ਸਾਲਾਨਾ ਆਮ ਮੀਟਿੰਗ ਦਾ ਆਯੋਜਨ
Publish Date: Mon, 28 Sep 2026 08:31 PM (IST)
Updated Date: Mon, 28 Sep 2026 08:33 PM (IST)
ਕ੍ਰਿਭਕੋ ਨੇ 46ਵੀਂ ਸਾਲਾਨਾ ਆਮ ਮੀਟਿੰਗ ’ਚ ਕੀਤਾ ਐਲਾਨ ਪੰਜਾਬ ਦੇ ਡੈਲੀਗੇਟਾਂ ਨੇ ਕੀਤੀ ਸ਼ਿਰਕਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੇਸ਼ ਦੀਆਂ ਮੋਹਰੀ ਖਾਦ-ਉਤਪਾਦਕ ਕਿਸਾਨ ਸਹਿਕਾਰੀ ਸਭਾਵਾਂ ਵਿੱਚੋਂ ਇੱਕ ਕ੍ਰਿਸ਼ਕ ਭਾਰਤੀ ਕੋਆਪਰੇਟਿਵ ਲਿਮਿਟੇਡ (ਕ੍ਰਿਭਕੋ) ਨੇ ਵਿੱਤੀ ਸਾਲ 2025-26 ਲਈ 824.68 ਕਰੋੜ ਰੁਪਏ ਦਾ ਟੈਕਸ-ਪੂਰਵ ਲਾਭ ਦਰਜ ਕੀਤਾ। ਸਭਾ ਨੇ ਇਸ ਸਾਲ ਲਈ ਆਪਣੀਆਂ ਮੈਂਬਰ ਸਹਿਕਾਰੀ ਸਭਾਵਾਂ ਦੀ ਇਕੁਇਟੀ ਪੂੰਜੀ ਤੇ 20 ਫੀਸਦੀ ਲਾਭਅੰਸ਼ (ਡਿਵੀਡੈਂਡ) ਦਾ ਐਲਾਨ ਕੀਤਾ। ਸਭਾ ਦੇ ਸਾਲਾਨਾ ਖਾਤਿਆਂ ਨੂੰ 25 ਸਤੰਬਰ, 2026 ਨੂੰ ਨਵੀਂ ਦਿੱਲੀ ਦੇ ਅਸ਼ੋਕ ਹੋਟਲ ਵਿਖੇ ਆਯੋਜਿਤ 46ਵੀਂ ਸਾਲਾਨਾ ਆਮ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕ੍ਰਿਭਕੋ ਦੇ ਚੇਅਰਮੈਨ ਵੀ ਸੁਧਾਕਰ ਚੌਧਰੀ ਨੇ ਕੀਤੀ। ਇਸ ਮੌਕੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਮੌਜੂਦ ਸਨ ਤੇ ਦੇਸ਼ ਭਰ ਦੀਆਂ ਵੱਖ-ਵੱਖ ਮੈਂਬਰ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਕ੍ਰਿਭਕੋ ਨੇ ਵਿੱਤੀ ਸਾਲ 2025-26 ਦੌਰਾਨ ਸ਼ਾਨਦਾਰ ਉਤਪਾਦਨ ਕਾਰਗੁਜ਼ਾਰੀ ਹਾਸਲ ਕੀਤੀ। ਕ੍ਰਿਭਕੋ ਨੇ ਕਿਸਾਨਾਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਉਤਪਾਦਾਂ ਦੇ ਦਾਇਰੇ (ਪੋਰਟਫੋਲੀਓ) ਦਾ ਵਿਸਥਾਰ ਕੀਤਾ ਹੈ। ਨੀਮ-ਕੋਟਿਡ ਯੂਰੀਆ ਤੋਂ ਇਲਾਵਾ, ਇਸ ਪੋਰਟਫੋਲੀਓ ਵਿੱਚ ਦਰਾਮਦ ਕੀਤੀ ਗਈ ਡੀਏਪੀ, ਐੱਮਏਪੀ, ਐੱਮਓਪੀ, ਕੰਪਲੈਕਸ ਖਾਦਾਂ, ਜੈਵਿਕ-ਖਾਦਾਂ, ਪ੍ਰਮਾਣਿਤ ਬੀਜ, ਹਾਈਬ੍ਰਿਡ ਬੀਜ, ਐੱਸਐੱਸਪੀ, ਜ਼ਿੰਕ ਸਲਫੇਟ, ਕੁਦਰਤੀ ਪੋਟਾਸ਼, ਮਾਈਕੋਰਾਈਜ਼ਾ ਤੇ ਸਮੁੰਦਰੀ ਘਾਹ-ਫੂਸ ਨਾਲ ਭਰਪੂਰ ਬਾਇਓ-ਸਟੀਮੂਲੈਂਟਸ ਸ਼ਾਮਲ ਹਨ। ਸਾਲ ਦੌਰਾਨ, ਕ੍ਰਿਭਕੋ ਨੇ ਕੁੱਲ 45.37 ਲੱਖ ਮੀਟ੍ਰਿਕ ਟਨ ਖਾਦਾਂ ਦੀ ਵਿਕਰੀ ਕੀਤੀ। ਕ੍ਰਰਿਭਕੋ ਦੇ ਮੈਨੇਜਿੰਗ ਡਾਇਰੈਕਟਰ ਐੱਸਐੱਸ ਯਾਦਵ ਨੇ ਪ੍ਰਤੀਨਿਧੀਆਂ ਨੂੰ ਕ੍ਰਿਭਕੋ ਤੇ ਇਸ ਦੀਆਂ ਸਹਾਇਕ ਕੰਪਨੀਆਂ ਦੁਆਰਾ ਲਗਾਤਾਰ ਕਾਇਮ ਰੱਖੇ ਗਏ ਉਤਪਾਦਨ ਤੇ ਸੰਚਾਲਨ ਕੁਸ਼ਲਤਾ ਦੇ ਉੱਚ ਮਿਆਰਾਂ ਬਾਰੇ ਜਾਣੂ ਕਰਵਾਇਆ। ਕ੍ਰਿਭਕੋ ਨੂੰ ਇਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਐੱਫਏਆਈ, ਪੀਆਰਐੱਸਆਈ ਤੇ ਹੋਰ ਵੱਕਾਰੀ ਸੰਸਥਾਵਾਂ ਤੋਂ ਕਈ ਪੁਰਸਕਾਰ ਪ੍ਰਾਪਤ ਹੋਏ ਹਨ। ਸਾਲਾਨਾ ਆਮ ਮੀਟਿੰਗ ਦੌਰਾਨ ਕ੍ਰਿਭਕੋ ਨੇ ਭਾਰਤ ਦੀ ਸਹਿਕਾਰੀ ਲਹਿਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਦੋ ਉੱਘੀਆਂ ਸਹਿਕਾਰੀ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਗੁਜਰਾਤ ਦੇ ਸ਼ੰਕਰਭਾਈ ਚੌਧਰੀ ਨੂੰ ਕ੍ਰਿਭਕੋ ‘ਸਹਿਕਾਰਿਤਾ ਸ਼੍ਰੋਮਣੀ ਅਵਾਰਡ’ ਤੇ ਮੱਧ ਪ੍ਰਦੇਸ਼ ਦੇ ਭਗਵਾਨ ਸਿੰਘ ਯਾਦਵ ਨੂੰ ਕ੍ਰਿਭਕੋ ‘ਸਹਕਰਿਤਾ ਵਿਭੂਸ਼ਣ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚੋਂ ਜਗਦੀਪ ਸਿੰਘ ਨਕਈ, ਨਿਰਮਲਜੀਤ ਸਿੰਘ, ਕੁਲਵੀਰ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੌਰ, ਬਰਜਿੰਦਰ ਸਿੰਘ ਆਦਿ ਸਮੇਤ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ।