ਅਕਾਲ ਗਲੈਕਸੀ ਸਕੂਲ ਵਿੱਚ ਖੋ-ਖੋ ਤੇ ਕਬੱਡੀ ਮੈਚ ਕਰਵਾਏ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ’ਚ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਦੀ ਨਿਗਰਾਨੀ ਹੇਠ ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਖੋ-ਖੋ ਅਤੇ ਕਬੱਡੀ ਦੇ ਮੈਚ ਕਰਵਾਏ ਗਏ। ਇਸ ਖੇਡ ਮੁਕਾਬਲੇ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਖੋ-ਖੋ ਵਿੱਚ ਨੈਪਚੁਨ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਬੱਡੀ ਵਿੱਚ ਮਰਕਰੀ ਹਾਊਸ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਨੈਪਚੁਨ ਹਾਊਸ ਦੇ ਹਾਊਸ ਇੰਚਾਰਜ ਮੈਡਮ ਰਮਨਪ੍ਰੀਤ ਕੌਰ ਅਤੇ ਵਾਈਸ ਹਾਊਸ ਇੰਚਾਰਜ ਮੈਡਮ ਬਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਟੀਮ ਨੇ ਬਿਹਤਰੀਨ ਖੇਡ ਦਿਖਾਈ। ਮਰਕਰੀ ਹਾਊਸ ਦੇ ਹਾਊਸ ਇੰਚਾਰਜ ਮੈਡਮ ਰਵਿੰਦਰ ਕੌਰ ਅਤੇ ਵਾਈਸ ਹਾਊਸ ਇੰਚਾਰਜ ਮੈਡਮ ਬਬੀਤਾ ਦੀ ਅਗਵਾਈ ਵਿੱਚ ਵੀ ਟੀਮ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਪੋਰਟਸ ਇੰਚਾਰਜ ਮੈਡਮ ਸਰਬਜੀਤ ਕੌਰ ਵੱਲੋਂ ਬੱਚਿਆਂ ਨੂੰ ਲਗਨ ਅਤੇ ਮਿਹਨਤ ਨਾਲ ਤਿਆਰ ਕੀਤਾ ਗਿਆ, ਜਿਸ ਦਾ ਨਤੀਜਾ ਖੇਡਾਂ ਵਿੱਚ ਸਾਫ਼ ਨਜ਼ਰ ਆਇਆ। ਸਕੋਰਿੰਗ ਦੀ ਜ਼ਿੰਮੇਵਾਰੀ ਸਰਦਾਰ ਗਗਨਦੀਪ ਸਿੰਘ ਵੱਲੋਂ ਬਖੂਬੀ ਨਿਭਾਈ ਗਈ।
ਇਸ ਮੌਕੇ ਕੋਆਰਡੀਨੇਟਰ ਮੈਡਮ ਅਮਨ ਵਾਲੀਆ, ਮੈਡਮ ਮਮਤਾ ਗੁਪਤਾ, ਮੈਡਮ ਪੂਜਾ ਚਾਵਲਾ ਅਤੇ ਮੈਡਮ ਵਿਸ਼ਵਪ੍ਰੀਤ ਕੌਰ ਵੀ ਮੌਜੂਦ ਸਨ। ਸਟੇਜ ਦੀ ਭੂਮਿਕਾ ਮੈਡਮ ਨੀਨਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਖੇਡਾਂ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਵੱਲੋਂ ਬੱਚਿਆਂ ਦੁਆਰਾ ਟਾਸ ਕਰਵਾ ਕੇ ਕੀਤੀ ਗਈ, ਜਿਸ ਨਾਲ ਖੇਡਾਂ ਵਿੱਚ ਰੁਚੀ ਅਤੇ ਜੋਸ਼ ਹੋਰ ਵੱਧ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ। ਉਨ੍ਹਾਂ ਨੇ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਹੋਰ ਬੱਚਿਆਂ ਨੂੰ ਅਗਲੇ ਸਮੇਂ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਸੀਨੀਅਰ ਵਿੰਗ ਦੇ ਪ੍ਰਿੰਸੀਪਲ ਮੈਡਮ ਮੋਨਾ ਘਈ ਨੇ ਵੀ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਸਿਰਫ ਜਿੱਤ ਜਾਂ ਹਾਰ ਤੱਕ ਸੀਮਿਤ ਨਹੀਂ ਹੁੰਦੀਆਂ, ਬਲਕਿ ਇਹ ਸਾਨੂੰ ਜੀਵਨ ਦੇ ਮਹੱਤਵਪੂਰਨ ਪਾਠ ਸਿਖਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਸਹਿਨਸ਼ੀਲਤਾ, ਧੀਰਜ ਅਤੇ ਸਹਿਯੋਗ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਮੁਕਾਬਲੇ ਨੂੰ ਇੱਕ ਸਿੱਖਣ ਦੇ ਮੌਕੇ ਵਜੋਂ ਲੈਣ ਅਤੇ ਹਮੇਸ਼ਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ। ਇਸ ਦੇ ਨਾਲ ਹੀ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਨੇ ਵੀ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰ ਬੱਚਾ ਆਪਣੇ ਅੰਦਰ ਕਾਬਲੀਅਤ ਰੱਖਦਾ ਹੈ ਅਤੇ ਗਤੀਵਿਧੀਆਂ ਨਾਲ ਉਹਨਾਂ ਦੀ ਯੋਗਤਾ ਨਿਖਰ ਕੇ ਸਾਹਮਣੇ ਆਉਂਦੀ ਹੈ। ਖੇਡਾਂ ਦੇ ਅੰਤ ਵਿੱਚ ਸਾਰੇ ਬੱਚਿਆਂ ਅਤੇ ਸਟਾਫ਼ ਵੱਲੋਂ ਰਾਸ਼ਟਰੀ ਗਾਨ ਗਾ ਕੇ ਸਮਾਗਮ ਦਾ ਸਮਾਪਨ ਕੀਤਾ ਗਿਆ। ਇਹ ਖੇਡ ਮੁਕਾਬਲੇ ਬੱਚਿਆਂ ਲਈ ਯਾਦਗਾਰ ਅਨੁਭਵ ਸਾਬਤ ਹੋਏ ਅਤੇ ਸਕੂਲ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ।