ਸਰਕਲ ਸਟਾਈਲ ਕਬੱਡੀ ’ਚ ਜਲੰਧਰ ਦੀ ਟੀਮ ਨੇ ਮਾਰੀ ਬਾਜ਼ੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4: ਸਰਕਲ ਸਟਾਈਲ ਕਬੱਡੀ ਵਿੱਚ ਜਲੰਧਰ ਦੀ ਟੀਮ ਨੇ ਮਾਰੀ ਬਾਜ਼ੀ
Publish Date: Tue, 27 Oct 2026 07:15 PM (IST)
Updated Date: Tue, 27 Oct 2026 07:16 PM (IST)
ਸੀਚੇਵਾਲ ਅਕੈਡਮੀ ਦੇ 6 ਖਿਡਾਰੀਆਂ ਨੇ ਜਿੱਤ ’ਚ ਪਾਇਆ ਅਹਿਮ ਯੋਗਦਾਨ ਸੰਤ ਸੀਚੇਵਾਲ ਨੇ ਖਿਡਾਰੀਆਂ ਤੇ ਕੋਚ ਗੁਰਬੀਰ ਸਿੰਘ ਢਿੱਲੋਂ ਨੂੰ ਦਿੱਤੀ ਵਧਾਈ ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ 18 ਤੋਂ 23 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਗਏ ਸਰਕਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਅੰਡਰ-21 ਵਰਗ ਵਿੱਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਮਾਨਸਾ ਦੀ ਟੀਮ ਨੂੰ ਹਰਾ ਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਵਿੱਚ ਸੀਚੇਵਾਲ ਅਕੈਡਮੀ ਦੇ 6 ਖਿਡਾਰੀਆਂ ਨੇ ਅਹਿਮ ਯੋਗਦਾਨ ਪਾਇਆ। ਇਨ੍ਹਾਂ ਖਿਡਾਰੀਆਂ ਨੇ ਜਲੰਧਰ ਜ਼ਿਲ੍ਹੇ ਵੱਲੋਂ ਖੇਡਦਿਆਂ ਜਿੱਤ ਦਰਜ ਕੀਤੀ ਤੇ ਆਪਣੇ ਜ਼ਿਲ੍ਹੇ, ਪਿੰਡਾਂ ਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਵਿਧਾਇਕ ਗੁਰਲਾਲ ਸਿੰਘ ਘਨੌਰ, ਰਣਧੀਰ ਸਿੰਘ ਧੀਰਾ ਪਹਿਲਵਾਨ, ਡੀਐੱਸਓ ਪਟਿਆਲਾ ਤੇ ਮਨਜੀਤ ਕੌਰ ਫ਼ਰੀਦਕੋਟ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਗੁਰਬੀਰ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ, ਅਨੁਸ਼ਾਸਨ ਤੇ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਖਿਡਾਰੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਤੇ ਕੋਚ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ, ਖੇਡਾਂ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਤੇ ਆਪਣੇ ਮਾਪਿਆਂ, ਪਿੰਡਾਂ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਕੋਚ ਢਿੱਲੋਂ ਨੇ ਇਸ ਪ੍ਰਾਪਤੀ ’ਤੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਬੱਚੇ ਇਹ ਮੁਕਾਮ ਹਾਸਲ ਕਰ ਰਹੇ ਹਨ।