ਖੇਡਾਂ ਵਤਨ ਪੰਜਾਬ ਦੀਆਂ ’ਚ ਖਿਡਾਰੀਆਂ ਮਾਰੀਆਂ ਮੱਲਾਂ ਖੇਡਾਂ ਵਤਨ ਪੰਜਾਬ ਦੀਆਂ 2026: ਕਪੂਰਥਲਾ ਦੇ ਖਿਡਾਰੀਆਂ ਨੇ ਰਾਜ ਪੱਧਰ ’ਤੇ ਮਾਰੀ ਮੱਲ
Publish Date: Fri, 20 Nov 2026 07:11 PM (IST)
Updated Date: Fri, 20 Nov 2026 07:13 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਕਿੱਕ ਬਾਕਸਿੰਗ ਦੇ ਰਾਜ ਪੱਧਰੀ ਮੁਕਾਬਲੇ 16 ਤੋਂ 19 ਨਵੰਬਰ ਤੱਕ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਅੰਡਰ-14 ਸਾਲ, 47 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਮੁਕੁਲ ਭਾਰਦਵਾਜ ਨੇ ਸੋਨ ਤਗਮਾ ਜਿੱਤਿਆ। ਮੁਕੁਲ ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ, ਕਪੂਰਥਲਾ ਦਾ ਵਿਦਿਆਰਥੀ ਹੈ। ਇਸੇ ਤਰ੍ਹਾਂ ਅੰਡਰ-17 ਸਾਲ, 69 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਅਗਮਵੀਰ ਸਿੰਘ ਗੋਰਾਇਆ ਨੇ ਕਾਂਸੀ ਦਾ ਤਗਮਾ ਜਿੱਤਿਆ। ਅਗਮਵੀਰ ਲਿਟਲ ਐਂਜਲ ਕੋ-ਐਡ ਸਕੂਲ, ਕਪੂਰਥਲਾ ਦਾ ਵਿਦਿਆਰਥੀ ਹੈ। ਇਸ ਟੀਮ ਦੀ ਬਾਗਡੋਰ ਐੱਮਜੀਐੱਨ ਪਬਲਿਕ ਸਕੂਲ, ਕਪੂਰਥਲਾ ਦੇ ਮਾਰਸ਼ਲ ਆਰਟਸ ਕੋਚ ਤੇ ਫਿਜ਼ੀਕਲ ਐਜੂਕੇਸ਼ਨ ਟੀਚਰ ਪਾਂਡਵ ਰਾਏ ਨੂੰ ਦਿੱਤੀ ਗਈ ਸੀ। ਉਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਸਭ ਕੁਝ ਸੰਭਾਲਿਆ ਤੇ ਕਪੂਰਥਲਾ ਲਈ ਮੈਡਲ ਲੈ ਕੇ ਆਏ। ਦੋਵੇਂ ਖਿਡਾਰੀ ਵੀ ਉਨ੍ਹਾਂ ਕੋਲੋਂ ਹੀ ਸਿਖਲਾਈ ਲੈਂਦੇ ਹਨ। ਜਿੱਤ ਤੋਂ ਬਾਅਦ ਕਪੂਰਥਲਾ ਪਹੁੰਚਣ ’ਤੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਨੇ ਦੋਵਾਂ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਆਸ਼ੀਰਵਾਦ ਦਿੱਤਾ ਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕੋਚ ਪਾਂਡਵ ਰਾਏ, ਖਿਡਾਰੀਆਂ ਦੇ ਪਰਿਵਾਰਾਂ ਤੇ ਸਕੂਲਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੱਤੀ। ਇਸ ਮੌਕੇ ’ਤੇ ਰਾਜੇਸ਼ ਜੀ ਨੂੰ ਵੀ ਬਹੁਤ-ਬਹੁਤ ਵਧਾਈ ਦਿੱਤੀ ਗਈ, ਜਿਨ੍ਹਾਂ ਨੇ ਮੈਨੇਜਰ ਵਜੋਂ ਟੀਮ ਦਾ ਬਹੁਤ ਸਾਥ ਦਿੱਤਾ। ਡੀਐੱਸਓ ਸਾਹਿਬ ਨੇ ਐਲਾਨ ਕੀਤਾ ਕਿ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 10,000 ਰੁਪਏ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 5,000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਕਪੂਰਥਲਾ ਜ਼ਿਲ੍ਹੇ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਰਾਜ ਪੱਧਰ ’ਤੇ ਮੱਲਾਂ ਮਾਰੀਆਂ ਹਨ।