ਸ਼ਹਿਰ ਨੂੰ ਸਾਫ਼-ਸੁਥਰਾ ਸਾਰਿਆਂ ਦੀ ਜ਼ਿੰਮੇਵਾਰੀ : ਐਡ. ਚੰਦੀ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ : ਐਡਵੋਕੇਟ ਚੰਦੀ
Publish Date: Mon, 31 Aug 2026 09:37 PM (IST)
Updated Date: Mon, 31 Aug 2026 09:40 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਤੇ ਸਿਹਤਮੰਦ ਬਣਾਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਅਸੀਂ ਛੋਟੇ-ਛੋਟੇ ਬਦਲਾਅ ਕਰਕੇ ਆਪਣੇ ਆਲੇ-ਦੁਆਲੇ ਨੂੰ ਬਿਹਤਰ ਬਣਾ ਸਕਦੇ ਹਾਂ। ਇਹ ਗੱਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ 29 ਅਗਸਤ ਤੋਂ 8 ਸਤੰਬਰ ਤੱਕ ਚੱਲ ਰਹੇ ਸਵੱਛਤਾ ਅਭਿਆਨ ਦੌਰਾਨ ਸ਼ਹਿਰ ਵਿਚ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੌਰਾਨ ਕਹੀ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ ਮੁੱਖ ਬਾਜ਼ਾਰਾਂ, ਸੜਕਾਂ, ਚੌਕਾਂ, ਜਨਤਕ ਥਾਵਾਂ ਤੇ ਹੋਰ ਸਥਾਨਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਫ਼-ਸੁਥਰੇ ਸ਼ਹਿਰ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰੀ ਵਿਭਾਗਾਂ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ। ਐਡਵੋਕੇਟ ਚੰਦੀ ਨੇ ਕਿਹਾ ਕਿ ਕੇਵਲ ਕੁਝ ਦਿਨਾਂ ਲਈ ਹੀ ਇਸ ਸਫ਼ਾਈ ਮੁਹਿੰਮ ਦਾ ਹਿੱਸਾ ਨਾ ਬਣਿਆ ਜਾਵੇ ਸਗੋਂ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਤੇ ਆਲੇ-ਦੁਆਲੇ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸ਼ਹਿਰਾਂ ਤੇ ਕਸਬਿਆਂ ਵਿੱਚ ਖੁੱਲ੍ਹੇਆਮ ਕੂੜਾ ਸੁੱਟਣ ਵਾਲੀਆਂ ਥਾਵਾਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨਾ ਹੈ। ਉਨ੍ਹਾਂ ਕਿਹਾ ਪੰਜਾਬ ਗੁਰੂਆਂ ਤੇ ਸੰਤਾਂ ਦੀ ਪਵਿੱਤਰ ਧਰਤੀ ਹੈ ਤੇ ਇਹ ਅਥਾਹ ਅਧਿਆਤਮਿਕ ਸ਼ਕਤੀ ਵਾਲੀ ਧਰਤੀ ਹੈ। ਇਸ ਨੂੰ ਸਾਫ਼-ਸੁਥਰਾ ਤੇ ਸੁੰਦਰ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।