ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਚਾਹਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ-ਮੰਮੂ ਚਾਹਲ
Publish Date: Sat, 17 Oct 2026 07:59 PM (IST)
Updated Date: Sat, 17 Oct 2026 08:00 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦਿਆਂ ਕਪੂਰਥਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨਸਭਾ ਚੋਣਾਂ ਲੜ ਰਹੇ ਉੱਘੇ ਸਮਾਜ ਸੇਵੀ ਮਲਵਿੰਦਰ ਸਿੰਘ ਚਾਹਲ ਉਰਫ ਮੰਮੂ ਚਾਹਲ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ (ਕੋਰੀਡੋਰ) ਮੁੜ ਖੋਲ੍ਹਣ ਲਈ ਕਿਹਾ। ਮੰਮੂ ਚਾਹਲ ਨੇ ਕਿਹਾ ਕਿ ਸਿੱਖ ਪੰਥ ਲਈ ਸ੍ਰੀ ਕਰਤਾਰਪੁਰ ਸਾਹਿਬ ਸਿਰਫ਼ ਇੱਕ ਇਤਿਹਾਸਕ ਗੁਰਦੁਆਰਾ ਹੀ ਨਹੀਂ ਹੈ, ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਤੇ ਮਨੁੱਖਤਾ ਨੂੰ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ, ਨਾਮ ਸਿਮਰਨ ਤੇ ਵੰਡ ਕੇ ਛਕਣ ਦੇ ਸਿਧਾਂਤਾਂ ਦਾ ਉਪਦੇਸ਼ ਦਿੱਤਾ। 1947 ਦੀ ਵੰਡ ਨੇ ਧਰਤੀ ਨੂੰ ਤਾਂ ਵੰਡ ਦਿੱਤਾ ਪਰ ਇਹ ਕਦੇ ਵੀ ਗੁਰੂ ਨਾਲ ਸਿੱਖਾਂ ਦੇ ਰਿਸ਼ਤੇ ਨੂੰ ਨਹੀਂ ਤੋੜ ਸਕੀ। ਮੰਮੂ ਚਾਹਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ। ਜੇਕਰ ਇਸ ਪਵਿੱਤਰ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਪਹਿਲ ਕੀਤੀ ਜਾਵੇ ਤਾਂ ਇਹ ਸੰਗਤ ਲਈ ਅਜਿਹਾ ਤੋਹਫ਼ਾ ਹੋਵੇਗਾ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਉਹ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਿਸ ਦੀ ਭਾਈਚਾਰਾ ਉਮੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਨੂੰ ਮੁੜ ਖੋਲ੍ਹਣਾ ਸਿੱਖ ਭਾਈਚਾਰੇ ਤੇ ਭਾਰਤ ਸਰਕਾਰ ਵਿਚਕਾਰ ਭਰੋਸਾ ਬਹਾਲ ਕਰਨ ਤੇ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹਰ ਸੰਭਵ ਕੂਟਨੀਤਿਕ ਪੱਧਰ ’ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲ੍ਹਣ ਲਈ ਠੋਸ ਤੇ ਤੁਰੰਤ ਕਦਮ ਚੁੱਕੇ। ਮੰਮੂ ਚਾਹਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲਾ ਰਸਤਾ ਗੁਰੂ ਤੱਕ ਪਹੁੰਚਣ ਦਾ ਮਾਰਗ ਹੈ। ਉਨ੍ਹਾਂ ਬੇਨਤੀ ਕੀਤੀ ਕਿ ਇਸ ਨੂੰ ਸਿਰਫ਼ ਇੱਕ ਸਿਆਸੀ ਮੰਗ ਵਜੋਂ ਨਹੀਂ, ਸਗੋਂ ਇੱਕ ਨਿਮਾਣੇ ਸਿੱਖ ਦੀ ਅਰਦਾਸ ਤੇ ਲੱਖਾਂ ਸ਼ਰਧਾਲੂਆਂ ਦੀ ਆਵਾਜ਼ ਵਜੋਂ ਦੇਖਿਆ ਜਾਵੇ।