ਕਪੂਰਥਲਾ ਦੀ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ ਮੋਹਾਲੀ ਵਿਖੇ ਹੋਈਆਂ 46ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਕਪੂਰਥਲਾ ਦੀ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ
Publish Date: Fri, 13 Nov 2026 08:48 PM (IST)
Updated Date: Fri, 13 Nov 2026 08:51 PM (IST)
46ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਮੋਹਾਲੀ ’ਚ ਹੋਈਆਂ ਅਧਿਆਪਕਾਂ, ਕੋਚ ਤੇ ਖਿਡਾਰੀਆਂ ਦੇ ਮਾਪਿਆਂ ਦੀ ਮਿਹਨਤ ਨੂੰ ਮਿਲਿਆ ਫਲ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਗਾ : ਮੋਹਾਲੀ ਵਿਖੇ ਕਰਵਾਈਆਂ ਗਈਆਂ 46ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 2026-27 ਤਹਿਤ ਹਾਕੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਕਪੂਰਥਲਾ ਜ਼ਿਲ੍ਹੇ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਇਸ ਮਾਣਮੱਤੀ ਪ੍ਰਾਪਤੀ ਨਾਲ ਜਿੱਥੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਹੀ ਖਿਡਾਰੀਆਂ, ਅਧਿਆਪਕਾਂ ਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਮਾਸਟਰ ਹਰਵਿੰਦਰ ਸਿੰਘ ਪਰਵੇਜ਼ ਨਗਰ ਨੇ ਕਪੂਰਥਲਾ ਦੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਹਿਯੋਗ ਦੇਣ ਵਾਲੇ ਅਧਿਆਪਕ ਸਾਥੀਆਂ ਪਰਮਿੰਦਰ ਸਿੰਘ ਮਿੱਠਾ, ਨਿਰਮਲ ਸਿੰਘ ਜਾਰਜਪੁਰ, ਰੁਪਿੰਦਰ ਕੌਰ ਕਿਲੇਵਾਲ ਤੇ ਅਮਰਜੀਤ ਕੌਰ ਫੱਤੂਢੀਂਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਖਿਡਾਰੀਆਂ ਦੇ ਮਾਪਿਆਂ ਵੱਲੋਂ ਦਿੱਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਕਪੂਰਥਲਾ ਦੀਆਂ ਲੜਕੇ ਤੇ ਲੜਕੀਆਂ ਦੀਆਂ ਹਾਕੀ ਟੀਮਾਂ ਨੂੰ ਤਿਆਰ ਕਰਨ ਵਿੱਚ ਹਾਕੀ ਕੋਚ ਦੀਪਕ ਕੁਮਾਰ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਪਰਵੇਜ਼ਨਗਰ (ਅਮਰੀਕਾ) ਤੇ ਪਰਮਿੰਦਰ ਸਿੰਘ ਭਵਾਨੀਪੁਰ (ਕੈਨੇਡਾ) ਸਮੇਤ ਸਮੂਹ ਸ਼ੁਭਚਿੰਤਕਾਂ ਵੱਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਡੀਐੱਮ (ਸਪੋਰਟਸ) ਸੁਖਵਿੰਦਰ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਟੀਮਾਂ ਨੂੰ ਹਰ ਪੱਖੋਂ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਖਿਡਾਰੀਆਂ ਦੀ ਸਖ਼ਤ ਮਿਹਨਤ, ਕੋਚ ਦੀ ਲਗਨ, ਅਧਿਆਪਕਾਂ ਦੇ ਸਮਰਪਣ ਤੇ ਮਾਪਿਆਂ ਤੇ ਸ਼ੁਭਚਿੰਤਕਾਂ ਦੇ ਸਹਿਯੋਗ ਦਾ ਨਤੀਜਾ ਹੈ।