- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪੂਰਥਲਾ ਡਾਲਫਿਨ ਟੂਰਿਜ਼ਮ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰਨ ਲਈ ਯਤਨਸ਼ੀਲ

ਡਿਪਟੀ ਕਮਿਸ਼ਨਰ ਵੱਲੋਂ ਡਾਲਫਿਨ ਟੂਰਿਜ਼ਮ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਨਾਲ-ਨਾਲ ਬੋਟਿੰਗ, ਡਾਲਫਿਨ ਦੇਖਣ ਲਈ ਨਿਸ਼ਚਿਤ ਸਥਾਨਾਂ ਅਤੇ ਹੋਰ ਈਕੋ-ਟੂਰਿਜ਼ਮ ਗਤੀਵਿਧੀਆਂ ਰਾਹੀਂ ‘ਡਾਲਫਿਨ ਟੂਰਿਜ਼ਮ’ ਨੂੰ ਉਤਸ਼ਾਹਿਤ ਕਰਨ ਲਈਵਿਆਪਕ ਯੋਜਨਾਬੰਦੀ ਤਿਆਰ ਕਰਨ। ਵਾਈਲਡਲਾਈਫ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦਾ ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ, ਪੰਜਾਬ ਦੇ ਰਾਜ ਜਲਜੀ ਜੀਵ ਇੰਡਸ ਰਿਵਰ ਡਾਲਫਿਨ ਦਾ ਗੜ੍ਹ ਹੈ। ਫਿਲਹਾਲ ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਤਿੰਨ ਡਾਲਫਿਨਾਂ ਦੀ ਪਛਾਣ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਵਦੇਸ਼ੀ ਦੇ ਨਾਲ-ਨਾਲ ਅੰਤਰਰਾਸ਼ਟਰੀ ਸੈਲਾਨੀਆਂ ਲਈ ਇੱਕ ਵੱਡਾ ਆਕਰਸ਼ਣ ਕੇਂਦਰ ਬਣਨ ਦੀ ਵੱਡੀ ਸੰਭਾਵਨਾ ਹੈ। ਡਾਲਫਿਨ ਟੂਰਿਜ਼ਮ ਨੂੰ ਅਜਿਹੇ ਢੰਗ ਨਾਲ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਡਬਲਯੂ.ਡਬਲਯੂ.ਐੱਫ. ਇੰਡੀਆ ਦੇ ਕੋਆਰਡੀਨੇਟਰ ਅਤੇ ਵਿਭਾਗੀ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ, ਜੋ ਟਿਕਾਊ ਅਤੇ ਵਾਤਾਵਰਣ ਪੱਖੋਂ ਜ਼ਿੰਮੇਵਾਰ ਹੋਵੇ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਰਿਜ਼ਰਵ ਖੇਤਰ ਵਿੱਚ ਡਾਲਫਿਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਬਿਆਸ ਦਰਿਆ ਵਿੱਚ 17 ‘ਡਾਲਫਿਨ ਮਿੱਤਰ’ ਤਾਇਨਾਤ ਕੀਤੇ ਗਏ ਹਨ। ਇਹਨਾਂ ਵਲੰਟੀਅਰਾਂ ਨੂੰ ਵਿਭਾਗ ਵੱਲੋਂ ਸੰਭਾਲ ਨਾਲ ਸਬੰਧਤ ਡਿਊਟੀਆਂ ਲਈ ਬੁਨਿਆਦੀ ਸਿਖਲਾਈ ਵੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ‘ਡਾਲਫਿਨ ਮਿੱਤਰਾਂ’ ਲਈ ਢੁਕਵੇਂ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮਕਸਦ ਵੀ ਯਕੀਨੀ ਬਣਾਏਗਾ ਤਾਂ ਜੋ ਉਹ ਸੰਭਾਲ ਦੇ ਯਤਨਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਯੋਗਦਾਨ ਪਾਉਣਾ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪ੍ਰੋਜੈਕਟ ਕਪੂਰਥਲਾ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਨਕਸ਼ੇ ’ਤੇ ਲਿਆਉਣ ਵਿੱਚ ਮਦਦ ਕਰੇਗਾ ਅਤੇ ਨਾਲ ਹੀ ਸਥਾਨਕ ਨਿਵਾਸੀਆਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਕਰੇਗਾ।
ਇਸ ਮੌਕੇ ਹਾਜ਼ਰ ਮੁੱਖ ਸ਼ਖਸੀਅਤਾਂ ਵਿੱਚ ਕੋਆਰਡੀਨੇਟਰ ਡਬਲਯੂ.ਡਬਲਯੂ.ਐੱਫ. ਇੰਡੀਆ ਗੀਤਾਂਜਲੀ ਕੰਵਰ, ਵਾਈਲਡਲਾਈਫ ਰੇਂਜ ਅਫਸਰ ਜਸਵੰਤ ਸਿੰਘ, ਬਲਾਕ ਅਫਸਰ ਵਾਈਲਡਲਾਈਫ ਰਣਜੀਤ ਸਿੰਘ, ਇੰਚਾਰਜ ਵਾਈਲਡਲਾਈਫ ਬੀਟ ਕਪੂਰਥਲਾ ਬੋਬਿੰਦਰ ਸਿੰਘ, ਇੰਚਾਰਜ ਵਾਈਲਡਲਾਈਫ ਬੀਟ ਸੁਲਤਾਨਪੁਰ ਲੋਧੀ ਰਣਬੀਰ ਸਿੰਘ ਅਤੇ ਹੋਰ ਸ਼ਾਮਲ ਸਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਡੀਸੀ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਿਆਸ ਦਰਿਆ ਦੇ ਨਾਲ-ਨਾਲ ਅਜਿਹੇ ਢੁਕਵੇਂ ਸਥਾਨਾਂ ਦੀ ਪਛਾਣ ਕਰਨ ਲਈ ਵੀ ਕਿਹਾ ਜਿੱਥੋਂ ਸੈਲਾਨੀ ਡਾਲਫਿਨਾਂ ਦੇ ਕੁਦਰਤੀ ਨਿਵਾਸ ਸਥਾਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੁਰੱਖਿਅਤ ਅਤੇ ਸੁਖਾਲੇ ਢੰਗ ਨਾਲ ਉਹਨਾਂ ਨੂੰ ਦੇਖ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲਕਦਮੀ ਦੀ ਸਫਲਤਾ ਲਈ ਵਾਈਲਡਲਾਈਫ ਵਿਭਾਗ, ਡਬਲਯੂ.ਡਬਲਯੂ.ਐੱਫ.-ਇੰਡੀਆ ਅਤੇ ਸਥਾਨਕ ਲੋਕਾਂ ਵਿਚਕਾਰ ਸਰਗਰਮ ਸਹਿਯੋਗ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਸੈਰ-ਸਪਾਟਾ ਢਾਂਚਾ ਵਿਕਸਤ ਕੀਤਾ ਜਾਵੇਗਾ, ਉੱਥੇ ਹੀ ਪ੍ਰਸ਼ਾਸਨ ਇਸ ਦੁਰਲੱਭ ਅਤੇ ਲੁਪਤ ਹੋ ਰਹੀ ਪ੍ਰਜਾਤੀ ਦੇ ਕੁਦਰਤੀ ਨਿਵਾਸ ਸਥਾਨ ਦੀ ਪੂਰੀ ਸੁਰੱਖਿਆ ਯਕੀਨੀ ਬਣਾਏਗਾ।