30 ਗ੍ਰਾਮ ਹੈਰੋਇਨ ਸਣੇ ਦੋ ਕਾਰ ਸਵਾਰ ਕਾਬੂ ਕਪੂਰਥਲਾ ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Publish Date: Wed, 26 Aug 2026 07:09 PM (IST)
Updated Date: Wed, 26 Aug 2026 07:10 PM (IST)
ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਐੱਫਆਈਆਰ ਕੀਤੀ ਦਰਜ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਢਿੱਲਵਾਂ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 30 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਐੱਸਆਈ ਜਸਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ ਅਤੇ ਹਾਈਟੈੱਕ ਨਾਕਾ ਲਗਾ ਕੇ ਢਿੱਲਵਾਂ ਵਿਖੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪੁਲਿਸ ਟੀਮ ਨੇ ਸਲੇਟੀ ਰੰਗ ਦੀ ਕਾਰ ਨੰਬਰ CH-01-BL-2786 ਨੂੰ ਆਉਂਦੇ ਦੇਖਿਆ। ਪੁਲਿਸ ਵੱਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਚਾਲਕ ਨੇ ਵਾਹਨ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ ਹੋਣ ’ਤੇ ਮੁਲਾਜ਼ਮਾਂ ਦੀ ਮਦਦ ਨਾਲ ਕਾਰ ਨੂੰ ਰੋਕ ਲਿਆ ਗਿਆ। ਕਾਰ ਵਿੱਚ ਸਵਾਰ ਦੋਵਾਂ ਵਿਅਕਤੀਆਂ ਤੋਂ ਪੁਲਿਸ ਨੇ ਪੁੱਛਗਿੱਛ ਕਰਦਿਆਂ ਉਨ੍ਹਾਂ ਦਾ ਨਾਮ-ਪਤਾ ਪੁੱਛਿਆ। ਉਨ੍ਹਾਂ ਨੇ ਆਪਣੀ ਪਛਾਣ ਜਸਦੀਪ ਸਿੰਘ ਉਰਫ਼ ਜੱਸਾ ਪੁੱਤਰ ਮਨਦੀਪ ਸਿੰਘ, ਵਾਸੀ ਐੱਨਆਰਆਈ ਕਾਲੋਨੀ, ਰਣਜੀਤ ਨਗਰ, ਥਾਣਾ ਖਰੜ ਅਤੇ ਜ਼ੈਲਦਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਮੁੰਡੀ ਖਰੜ, ਥਾਣਾ ਸ਼ਸ਼ੀ ਇਨਕਲੇਵ, ਐੱਸਏਐੱਸ ਨਗਰ (ਮੋਹਾਲੀ) ਵਜੋਂ ਦੱਸੀ। ਪੁਲਿਸ ਵੱਲੋਂ ਦੋਵਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਹੋਈ। ਬਰਾਮਦ ਨਸ਼ੀਲੇ ਪਦਾਰਥ ਦਾ ਵਜ਼ਨ ਕਰਨ ’ਤੇ ਇਸ ਦੀ ਮਾਤਰਾ 30 ਗ੍ਰਾਮ ਪਾਈ ਗਈ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਮਾਮਲੇ ਸਬੰਧੀ ਪੁਲਿਸ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।