32 ਬੋਰ ਦੇ ਦੇਸੀ ਪਿਸਤੌਲ ਨਾਲ ਨਾਬਾਲਗ ਕਾਬੂ ਨਾਕਾਬੰਦੀ ਦੌਰਾਨ ਕਪੂਰਥਲਾ ਪੁਲਿਸ ਨੇ ਨਾਬਾਲਗ ਨੂੰ ਕੀਤਾ ਕਾਬੂ
Publish Date: Thu, 03 Sep 2026 09:40 PM (IST)
Updated Date: Thu, 03 Sep 2026 09:43 PM (IST)
-ਮੈਗਜ਼ੀਨ ਵੀ ਬਰਾਮਦ, ਆਰਮਜ਼ ਐਕਟ ਤਹਿਤ ਮਾਮਲਾ ਦਰਜ -ਨਾਕਾਬੰਦੀ ਦੌਰਾਨ ਕਪੂਰਥਲਾ ਪੁਲਿਸ ਨੇ ਕੀਤਾ ਕਾਬੂ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਨਾਬਾਲਗ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੀ ਹੈ। ਪੁਲਿਸ ਨੇ ਪਿੰਡ ਨਵਾਂ ਪਿੰਡ ਭੱਠੇ ਮੋੜ ਨੇੜੇ ’ਤੇ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕੀਤਾ ਸੀ। ਪੁਲਿਸ ਨੇ ਨਾਬਾਲਗ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨਾਜਾਇਜ਼ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਤੇ ਇਸ ਦਾ ਇਸਤੇਮਾਲ ਕਿਸ ਮਕਸਦ ਲਈ ਕੀਤਾ ਜਾਣਾ ਸੀ। ਥਾਣਾ ਕੋਤਵਾਲੀ ਦੇ ਐੱਸਐੱਚਓ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਪਿੰਡ ਨਵਾਂ ਪਿੰਡ ਭੱਠੇ ਮੋੜ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨਵਾਂ ਪਿੰਡ ਭੱਠੇ ਵੱਲੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਮੁਤਾਬਕ ਨੌਜਵਾਨ ਨੇ ਪੁਲਿਸ ਟੀਮ ਨੂੰ ਦੇਖ ਕੇ ਘਬਰਾਹਟ ਦਿਖਾਈ ਤੇ ਪਿੱਛੇ ਮੁੜ ਕੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਸ਼ੱਕੀ ਹਰਕਤਾਂ ਨੂੰ ਦੇਖਦਿਆਂ ਪੁਲਿਸ ਟੀਮ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਦੱਸਿਆ, ਜਾਂਚ ਦੌਰਾਨ ਪਤਾ ਲੱਗਾ ਕਿ ਕਾਬੂ ਕੀਤਾ ਗਿਆ ਨੌਜਵਾਨ ਨਾਬਾਲਗ ਹੈ। ਪੁਲਿਸ ਟੀਮ ਵੱਲੋਂ ਜਦੋਂ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 32 ਬੋਰ ਦਾ ਇੱਕ ਦੇਸੀ ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਐੱਸਐੱਚਓ ਲਖਵੀਰ ਸਿੰਘ ਨੇ ਦੱਸਿਆ ਕਿ ਨਾਬਾਲਗ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਰਾਮਦ ਦੇਸੀ ਪਿਸਤੌਲ ਉਸ ਨੇ ਕਿਸ ਵਿਅਕਤੀ ਤੋਂ ਖਰੀਦਿਆ ਜਾਂ ਹਾਸਲ ਕੀਤਾ ਸੀ ਤੇ ਇਸ ਨੂੰ ਰੱਖਣ ਪਿੱਛੇ ਉਸ ਦਾ ਕੀ ਮਕਸਦ ਸੀ।