- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਕ ਫੇਅਰ 2026-27 : ਮੈਡਮ ਮਮਤਾ ਬਜਾਜ

ਮੱਲ੍ਹੀ\ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀਆਂ ਤਕਨੀਕੀ ਖੋਜਾਂ ਤੇ ਨਵੀਨਤਾਕਾਰੀ ਵਿਚਾਰਾਂ ਦੇ ਪ੍ਰਦਰਸ਼ਨ ਲਈ ਮਿਲੇਗਾ ਵਿਸ਼ੇਸ਼ ਮੰਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨੀਕੀ ਸਿੱਖਿਆ, ਨਵੀਨਤਾ ਤੇ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਮਿਸ਼ਨ ਰਫ਼ਤਾਰ ਪ੍ਰੋਜੈਕਟ ਅਧੀਨ ਜ਼ਿਲ੍ਹਾ ਕਪੂਰਥਲਾ ਦਾ ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਟੈਕ ਫੇਅਰ 2026-27 ਮਿਤੀ 18 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾਮਮਤਾ ਬਜਾਜ ਨੇ ਦੱਸਿਆ ਕਿ ਮਿਸ਼ਨ ਰਫ਼ਤਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਤੇ ਇੰਟਰਨੈੱਟ ਆਫ਼ ਥਿੰਗਜ਼ ਵਰਗੀਆਂ ਉੱਭਰਦੀਆਂ ਤਕਨੀਕਾਂ ਨੂੰ ਸਿੱਖਿਆ ਨਾਲ ਜੋੜਨ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਡਿਜੀਟਲ ਸਾਖਰਤਾ, ਵਿਗਿਆਨਕ ਸੋਚ, ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ, ਸਿਰਜਣਾਤਮਕਤਾ ਤੇ ਤਕਨੀਕੀ ਹੁਨਰਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਰਫ਼ਤਾਰ ਅਧੀਨ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ ਕਈ ਮਹੱਤਵਪੂਰਨ ਉਪਰਾਲੇ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਸਾਈਬਰ ਸੇਫਟੀ ਕਲੱਬਾਂ ਦਾ ਗਠਨ ਕੀਤਾ ਗਿਆ ਹੈ ਤੇ ਇਨ੍ਹਾਂ ਰਾਹੀਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਚੁਣੇ ਗਏ ਸਕੂਲਾਂ ਨੂੰ ਲਗਭਗ 50,000 ਰੁਪਏ ਲਾਗਤ ਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ਼ ਥਿੰਗਜ਼ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਵਿਦਿਆਰਥੀ ਆਧੁਨਿਕ ਤਕਨੀਕਾਂ ਨੂੰ ਪ੍ਰਯੋਗਿਕ ਰੂਪ ਵਿੱਚ ਸਿੱਖ ਸਕਣ ਅਤੇ ਆਪਣੇ ਮਾਡਲ ਤੇ ਪ੍ਰੋਜੈਕਟ ਤਿਆਰ ਕਰ ਸਕਣ। ਇਸ ਮਿਸ਼ਨ ਤਹਿਤ ਅਧਿਆਪਕਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਗਏ ਹਨ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਕਰਨਾਟਕਾ, ਨੈਸ਼ਨਲ ਇੰਸਟਚਿਊਟ ਆਫ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ ਚੰਡੀਗੜ੍ਹ, ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇੰਫਰਮੇਸ਼ਨ ਟੈਕਨੋਲੋਜੀ, ਰੋਪੜ ਵਰਗੀਆਂ ਪ੍ਰਸਿੱਧ ਸਿੱਖਿਆ ਤੇ ਤਕਨੀਕੀ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਅਧਿਆਪਕਾਂ ਨੂੰ ਮਾਰਗਦਰਸ਼ਨ ਤੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ਇਸੇ ਲੜੀ ਤਹਿਤ ਕਰਵਾਇਆ ਜਾ ਰਿਹਾ ਡਿਜੀਟਲ ਇਨੋਵੇਸ਼ਨ ਫੇਅਰ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਕਾਰਜਸ਼ੀਲ ਮਾਡਲਾਂ ਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਤਕਨੀਕੀ ਹੱਲਾਂ ਦੇ ਰੂਪ ਵਿੱਚ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਨਾਲ ਵਿਦਿਆਰਥੀਆਂ ਵਿੱਚ ਟੀਮ ਵਰਕ, ਆਤਮ-ਵਿਸ਼ਵਾਸ, ਪ੍ਰਯੋਗਿਕ ਗਿਆਨ ਤੇ ਨਵੀਨਤਾਕਾਰੀ ਸੋਚ ਨੂੰ ਉਤਸ਼ਾਹ ਮਿਲੇਗਾ। ਇਹ ਉਪਰਾਲਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਭਵਿੱਖ ਦੀ ਟੈਕਨੋਲੋਜੀ ਨਾਲ ਜੋੜਨ ਤੇ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੀਆਂ ਚੁਣੌਤੀਆਂ ਤੇ ਮੌਕਿਆਂ ਲਈ ਤਿਆਰ ਕਰਨ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਮੇਲੇ ਵਿੱਚ ਮਿਸ਼ਨ ਰਫ਼ਤਾਰ ਅਧੀਨ ਚੁਣੇ ਗਏ ਸਕੂਲਾਂ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਵੀ ਆਪਣੇ ਨਵੀਨਤਾਕਾਰੀ ਪ੍ਰੋਜੈਕਟਾਂ ਨਾਲ ਭਾਗ ਲੈ ਸਕਦੇ ਹਨ। ਵਿਦਿਆਰਥੀ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਇੰਟਰਨੈਟ ਆਫ਼ ਥਿੰਗਜ਼ ਤੇ ਹੋਰ ਡਿਜੀਟਲ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੇ ਆਪਣੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਕਰ ਸਕਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਬਜਾਜ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਤਕਨੀਕੀ ਲੋੜਾਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਮੇਲੇ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ। ਜ਼ਿਲ੍ਹਾ ਨੋਡਲ ਅਫ਼ਸਰ, ਮਿਸ਼ਨ ਰਫ਼ਤਾਰ, ਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਆਪਣੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ, ਮਾਹਿਰਾਂ ਤੋਂ ਮਾਰਗਦਰਸ਼ਨ ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰੇਗਾ।